#PUNJAB

ਗੁਰਜਤਿੰਦਰ ਰੰਧਾਵਾ ਦੀ ਡਾ. ਉਬਰਾਏ ਨਾਲ ਚੰਡੀਗੜ੍ਹ ਵਿਖੇ ਹੋਈ ਅਹਿਮ ਮੁਲਾਕਾਤ

ਚੰਡੀਗੜ੍ਹ, 29 ਜਨਵਰੀ (ਪੰਜਾਬ ਮੇਲ)- ਵਿਸ਼ਵ ਪ੍ਰਸਿੱਧ ਦਾਨੀ ਡਾ. ਐੱਸ.ਪੀ. ਸਿੰਘ ਉਬਰਾਏ ਦੀ ਜੀਵਨੀ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਪਹਿਲਾਂ ਵੀ ਬਹੁਤ ਸਾਰੀਆਂ ਕਿਤਾਬਾਂ ਵੱਖ-ਵੱਖ ਲੇਖਕਾਂ ਵੱਲੋਂ ਲਿਖੀਆਂ ਜਾ ਚੁੱਕੀਆਂ ਹਨ। ਹੁਣ ਇਸ ਸੰਬੰਧੀ ਇਕ ਨਵੀਂ ਕਿਤਾਬ ਡਾ. ਸਰਬਜੀਤ ਸਿੰਘ ਛੀਨਾ ਨੇ ਉਨ੍ਹਾਂ ਬਾਰੇ ਲਿਖੀ ਹੈ, ਜਿਸ ਦਾ ਸਿਰਲੇਖ ਹੈ ‘ਸੇਵੀਅਰ ਸਿੰਘ’, ਜਿਸ ਦਾ ਮਤਲਬ ਹੈ, ‘ਜਾਨਾਂ ਬਚਾਉਣ ਵਾਲਾ ਸਿੱਖ’। ਇਹ ਪੁਸਤਕ ਕਾਫੀ ਪ੍ਰਸਿੱਧੀ ਪ੍ਰਾਪਤ ਕਰ ਗਈ ਹੈ।
ਇਹ ਪੁਸਤਕ ਡਾ. ਐੱਸ.ਪੀ. ਸਿੰਘ ਉਬਰਾਏ ਨੇ ਆਪਣੇ ਚੰਡੀਗੜ੍ਹ ਸਥਿਤ ਗ੍ਰਹਿ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੈਲੀਫੋਰਨੀਆ ਦੇ ਪ੍ਰਧਾਨ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਭੇਟ ਕੀਤੀ। ਇਸ ਪੁਸਤਕ ਵਿਚ ਡਾ. ਸਰਬਜੀਤ ਸਿੰਘ ਛੀਨਾ ਨੇ ਡਾ. ਐੱਸ.ਪੀ. ਸਿੰਘ ਉਬਰਾਏ ਬਾਰੇ ਬਹੁਤ ਹੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਉਨ੍ਹਾਂ ਵੱਲੋਂ ਦੁਬਈ ਵਿਚ ਨੌਜਵਾਨਾਂ ਦੀਆਂ ਬਚਾਈਆਂ ਗਈਆਂ ਜਾਨਾਂ, ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਦਿੱਤੀਆਂ ਗਈਆਂ ਸਿਹਤ ਸੇਵਾਵਾਂ, ਬਜ਼ੁਰਗਾਂ ਅਤੇ ਬੇਸਹਾਰਾ ਨੂੰ ਦਿੱਤੀ ਜਾਂਦੀ ਪੈਨਸ਼ਨ, ਗਰੀਬਾਂ ਲਈ ਬਣਾਏ ਗਏ ਘਰਾਂ ਅਤੇ ਅਜਿਹੇ ਹੋਰ ਵੀ ਬਹੁਤ ਸਾਰੇ ਕਾਰਜ ਜੋ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਕੀਤੇ ਜਾਂਦੇ ਹਨ, ਉਹ ਇਸ ਪੁਸਤਕ ਵਿਚ ਵਿਸਥਾਰਪੁਰਵਕ ਦੱਸੇ ਗਏ ਹਨ।
ਇਸ ਦੌਰਾਨ ਡਾ. ਉਬਰਾਏ ਅਤੇ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦੁਨੀਆਂ ਭਰ ਵਿਚ ਚੱਲ ਰਹੇ ਕੰਮਾਂ ਬਾਰੇ ਵਿਚਾਰ-ਵਟਾਂਦਰੇ ਕੀਤੇ ਅਤੇ ਸ. ਰੰਧਾਵਾ ਨੇ ਡਾ. ਉਬਰਾਏ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ। ਜਿੱਥੇ ਕਿ ਪਹਿਲਾਂ ਵਾਂਗ ਵੱਖ-ਵੱਖ ਥਾਵਾਂ ‘ਤੇ ਜਾ ਕੇ ਲੋਕਾਂ ਨੂੰ ਅਜਿਹੇ ਚੱਲ ਰਹੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਡਾ. ਉਬਰਾਏ ਸਾਰਾ ਲੋਕ ਭਲਾਈ ਦਾ ਸਾਰਾ ਖਰਚਾ ਆਪਣੇ ਪੱਲਿਓਂ ਕਰਦੇ ਹਨ।