#AMERICA

ਗੁਜਰਾਤੀਆਂ ਵੱਲੋਂ ਸੰਘੀ ਏਜੰਟ ਬਣ ਕੇ 6 ਲੱਖ ਡਾਲਰ ਤੋਂ ਵੱਧ ਦੀ ਠੱਗੀ

ਸੈਕਰਾਮੈਂਟੋ, 4 ਦਸੰਬਰ (ਪੰਜਾਬ ਮੇਲ)- ਭਾਰਤੀ ਮੂਲ ਦੇ 2 ਵਿਅਕਤੀਆਂ ਵੱਲੋਂ ਸੰਘੀ ਏਜੰਟ ਬਣ ਕੇ ਇਕ ਬਜ਼ੁਰਗ ਔਰਤ ਨਾਲ 6,53,000 ਡਾਲਰ ਦੀ ਠੱਗੀ ਮਾਰੀ ਗਈ। ਇਹ ਮਾਮਲਾ ਕੇਨੋਸ਼ਾ ਕਾਊਂਟੀ ਦੇ ਅਧਿਕਾਰੀਆਂ ਦੀ ਜਾਂਚ ਉਪਰੰਤ ਸਾਹਮਣੇ ਆਇਆ ਹੈ। ਵਿਸਕਾਨਸਿਨ ਅਧਿਕਾਰੀਆਂ ਅਨੁਸਾਰ ਦੋਵਾਂ ਵਿਅਕਤੀਆਂ ਦਾ ਕੌਮਾਂਤਰੀ ਪੱਧਰ ‘ਤੇ ਸੰਪਰਕ ਹੈ ਅਤੇ ਇਨ੍ਹਾਂ ਵੱਲੋਂ ਠੱਗੇ ਗਏ ਵਧੇਰੇ ਪੈਸੇ ਅਮਰੀਕਾ ਤੋਂ ਬਾਹਰ ਭੇਜੇ ਜਾ ਚੁੱਕੇ ਹਨ। ਜਗਦੀਸ਼ ਕੁਮਾਰ ਨੰਦਨੀ ਤੇ ਚਿੰਤਨ ਠਾਕਰ ਜੋ ਮੂਲ ਰੂਪ ਵਿਚ ਗੁਜਰਾਤ ਨਾਲ ਸਬੰਧਿਤ ਹਨ, ਵਿਰੁੱਧ ਦਾਇਰ ਮਾਮਲੇ ਵਿਚ 1 ਲੱਖ ਡਾਲਰ ਤੋਂ ਵਧ ਦੀ ਹਵਾਲਾ ਰਾਸ਼ੀ ਤੇ 1 ਲੱਖ ਡਾਲਰ ਤੋਂ ਵਧ ਜਾਇਦਾਦ ਦੀ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਜਾਂਚਕਾਰਾਂ ਅਨੁਸਾਰ ਪੀੜਤਾ ਨੂੰ ਇਕ ਵਿਅਕਤੀ ਨੇ ਫੋਨ ਉਪਰ ਆਪਣੇ-ਆਪ ਨੂੰ ਸੰਘੀ ਏਜੰਟ ਦੱਸ ਕੇ ਕਿਹਾ ਕਿ ਉਸ ਦਾ ਬੈਂਕ ਖਾਤਾ ਹੈਕ ਕਰ ਲਿਆ। ਔਰਤ ਇਨ੍ਹਾਂ ਦੇ ਝਾਂਸੇ ਵਿਚ ਆ ਗਈ ਤੇ ਉਸ ਨੇ 1 ਮਾਰਚ ਨੂੰ ਸੋਨੇ ਦੇ ਰੂਪ ਵਿਚ 3,32,750 ਡਾਲਰ ਤੇ 15 ਮਾਰਚ ਨੂੰ 1,39,500 ਡਾਲਰ ਸੋਨੇ ਦੇ ਰੂਪ ਵਿਚ ਆਪਣੇ ਕੇਨੋਸ਼ਾ ਸਥਿਤ ਘਰ ਵਿਚ ਇਨ੍ਹਾਂ ਨੂੰ ਸੌਂਪ ਦਿੱਤੇ। ਔਰਤ ਦਾ ਕੁੱਲ ਨੁਕਸਾਨ 6,53,000 ਡਾਲਰ ਤੋਂ ਵਧ ਦਾ ਹੋਇਆ। ਐਡੀਸਨ, ਇਲੀਨੋਇਸ ਪੁਲਿਸ ਨੇ ਨੰਦਨੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਮੰਨਿਆ ਕਿ ਉਸ ਨੇ ਔਰਤ ਦੇ ਘਰੋਂ ਸੋਨਾ ਲਿਆ ਹੈ। ਉਸ ਨੇ ਆਪਣੇ ਦੂਜੇ ਸਾਥੀ ਦਾ ਨਾਂ ਠਾਕਰ ਦੱਸਿਆ ਜੋ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ।