ਚੰਡੀਗੜ੍ਹ, 28 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਅਸਤੀਫ਼ਾ ਦੇਣ ਤੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕਰਨ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੋਂ ਦੀ ਕਮਾਨ ਸੰਭਾਲਣ ਦੀ ਚਰਚਾ ਹੈ।
ਸਿਆਸੀ ਗਲਿਆਰਿਆਂ ‘ਚ ਚਰਚਾ ਛਿੜ ਗਈ ਹੈ ਕਿ ਹੁਣ ਗਿੱਦੜਬਾਹਾ ਜ਼ਿਮਨੀ ਚੋਣ ਲਈ ਪਾਰਟੀ ਦਾ ਉਮੀਦਵਾਰ ਕੌਣ ਹੋਵੇਗਾ। ਪਿਛਲੇ ਕੁਝ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਵੱਲੋਂ ਗਿੱਦੜਬਾਹਾ ‘ਚ ਸਰਗਰਮੀਆਂ ਵਧਾਉਂਦਿਆਂ ਹਲਕੇ ਦੇ ਪਿੰਡਾਂ ‘ਚ ਕਾਫ਼ੀ ਦੌਰੇ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਇਸ ਹਲਕੇ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਉਮੀਦਵਾਰੀ ਤੈਅ ਮੰਨੀ ਜਾ ਰਹੀ ਹੈ।
ਇਕ ਤੋਂ ਬਾਅਦ ਇਕ ਕਈ ਸੀਨੀਅਰ ਆਗੂਆਂ ਵੱਲੋਂ ਪਾਰਟੀ ਛੱਡ ਕੇ ਜਾਣ ਤੋਂ ਬਾਅਦ ਅਕਾਲੀ ਦਲ ਲਈ ਆਪਣੀ ਸਾਖ਼ ਬਚਾਉਣਾ ਵੱਡੀ ਚੁਣੌਤੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬਾਗ਼ੀ ਧੜੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਦੇ ਨਾਲ-ਨਾਲ ਹੁਣ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਅਸਤੀਫ਼ਾ ਦੇਣਾ ਪਾਰਟੀ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਿਹਾ ਹੈ। ਖ਼ਾਸ ਕਰਕੇ ਗਿੱਦੜਬਾਹਾ ਜ਼ਿਮਨੀ ਚੋਣ ਤੋਂ ਪਹਿਲਾਂ ਮਜ਼ਬੂਤ ਆਗੂ ਵੱਲੋਂ ਪਾਰਟੀ ਨੂੰ ਅਲਵਿਦਾ ਕਹਿਣਾ ਪਾਰਟੀ ਪ੍ਰਧਾਨ ਲਈ ਵੱਡੀ ਚੁਣੌਤੀ ਸਮਝਿਆ ਜਾ ਰਿਹਾ ਹੈ।