– ਕਿਹਾ: ਜੀਵਨ ਦੇ ਅੰਤ ਤੱਕ ਗਿੱਦੜਬਾਹਾ ਦੇ ਲੋਕਾਂ ਵਿਚ ਰਹਾਂਗਾ
– ਰਾਜਾ ਵੜਿੰਗ ‘ਤੇ ਵਰ੍ਹੇ ਮਨਪ੍ਰੀਤ,
ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਪੰਜਾਬ ਮੇਲ)- ਗਿੱਦੜਬਾਹਾ ਜ਼ਿਮਨੀ ਚੋਣ ‘ਚ ਹਾਰ ਤੋਂ ਬਾਅਦ ਭਾਜਪਾ ਆਗੂ ਮਨਪ੍ਰੀਤ ਬਾਦਲ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਮਨਪ੍ਰੀਤ ਨੇ ਕਿਹਾ ਕਿ ਮੈਂ ਕਈ ਸਾਲਾਂ ਬਾਅਦ ਗਿੱਦੜਬਾਹਾ ਤੋਂ ਚੋਣ ਲੜੀ। ਪੁਰਾਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋ ਮਹੀਨੇ ਬਹੁਤ ਘੱਟ ਸਮਾਂ ਸੀ। ਇਸ ਲਈ ਮੈਂ ਜਿੱਤ ਨਹੀਂ ਸਕਿਆ। ਮਨਪ੍ਰੀਤ ਨੇ ਐਲਾਨ ਕੀਤਾ ਕਿ ਹੁਣ ਮੈਂ ਜੀਵਨ ਦੇ ਅੰਤ ਤੱਕ ਗਿੱਦੜਬਾਹਾ ਦੇ ਲੋਕਾਂ ਵਿਚ ਰਹਾਂਗਾ। ਉਨ੍ਹਾਂ ਦਾਅਵਾ ਕੀਤਾ ਕਿ 2027 ‘ਚ ਸੂਬੇ ਵਿਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਮੈਂ ਗਿੱਦੜਬਾਹਾ ਤੋਂ ਵੀ ਚੋਣ ਜਿੱਤਾਂਗਾ। ਮਨਪ੍ਰੀਤ ਨੇ ਨਵ-ਨਿਯੁਕਤ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵਧਾਈ ਦਿੰਦਿਆਂ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਅਪੀਲ ਕੀਤੀ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਨੂੰ ਕੁਝ ਸਾਥੀਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ 2027 ‘ਚ ਤੁਹਾਨੂੰ ਵੋਟ ਪਾਵਾਂਗੇ। ਇਸ ਵਾਰ ਅਸੀਂ ਰਾਜਾ ਵੜਿੰਗ ਦਾ ਹੰਕਾਰ ਤੋੜਨਾ ਚਾਹੁੰਦੇ ਹਾਂ। ਇਸ ਲਈ ਡਿੰਪੀ ਨੂੰ ਵੋਟ ਪਾਉਣੀ ਪਈ ਹੈ। ਰਾਜਾ ਵੜਿੰਗ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਵੜਿੰਗ ਨੇ ਬਾਦਲ ਪਰਿਵਾਰ ਖ਼ਿਲਾਫ ਬਿਆਨਬਾਜ਼ੀ ਕਰਕੇ ਆਪਣੀ ਸਿਆਸਤ ਚਮਕਾਈ ਹੈ। ਰਾਜਾ ਵੜਿੰਗ ਹਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਆਪਣੀ ਪਤਨੀ ਦੀ ਹਾਰ ਨੂੰ ਟਾਲ ਨਹੀਂ ਸਕਿਆ। ਵੜਿੰਗ ਨੇ ਗਿੱਦੜਬਾਹਾ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਸਿਰਫ ਆਪਣੀ ਜਾਇਦਾਦ ਬਣਾਈ ਹੈ। ਉਨ੍ਹਾਂ ਕਿਹਾ ਕਿ 71 ਹਜ਼ਾਰ ਲੋਕਾਂ ਨੇ ਡਿੰਪੀ ਨੂੰ ਚੁਣਿਆ ਹੈ। ਲੋਕਾਂ ਦੀ ਚੋਣ ਗਲਤ ਨਹੀਂ ਹੋ ਸਕਦੀ ਪਰ ਰਾਜਾ ਵੜਿੰਗ ਦੀ ਹਉਮੈ ਜ਼ਰੂਰ ਹਾਰ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਫ਼ਤਵਾ ਸਿਰ ਮੱਥੇ ਹੈ।
ਮਨਪ੍ਰੀਤ ਨੇ ਗਿੱਦੜਬਾਹਾ ਤੋਂ ਸ਼ੁਰੂ ਕੀਤਾ ਸੀ ਸਿਆਸੀ ਸਫ਼ਰ
ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਕੀਤੀ ਸੀ। ਉਹ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੀ ਸਰਕਾਰ ਸਮੇਂ ਖਜ਼ਾਨਾ ਮੰਤਰੀ ਰਹਿ ਚੁੱਕੇ ਹਨ। ਉਹ 1997, 2002 ਅਤੇ 2007 ਵਿੱਚ ਗਿੱਦੜਬਾਹਾ ਤੋਂ ਵਿਧਾਇਕ ਰਹੇ ਹਨ। ਇਸੇ ਤਰ੍ਹਾਂ ਭਾਜਪਾ ਵੱਲੋਂ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਹਨ। ਉਨ੍ਹਾਂ ਦੇ ਪਿਤਾ ਅਕਾਲੀ-ਭਾਜਪਾ ਸਰਕਾਰ ਦੌਰਾਨ 2007 ਅਤੇ 2012 ਵਿੱਚ ਵਿਧਾਨ ਸਭਾ ਦੇ ਸਪੀਕਰ ਰਹੇ ਹਨ ਅਤੇ ਸਾਬਕਾ ਮੰਤਰੀ ਵੀ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਕੇਵਲ ਸਿੰਘ ਢਿੱਲੋਂ 2007 ਤੇ 2012 ‘ਚ ਦੋ ਵਾਰ ਬਰਨਾਲਾ ਤੋਂ ਵਿਧਾਇਕ ਰਹਿਣ ਦੇ ਬਾਵਜੂਦ ਇਸ ਜ਼ਿਮਨੀ ਚੋਣ ‘ਚ ਤੀਜੇ ਨੰਬਰ ‘ਤੇ ਰਹੇ ਹਨ।