#INDIA

ਗਿਆਨਵਾਪੀ ਮਸਜਿਦ ਕੰਪਲੈਕਸ ਵਿਚਲੇ ਵਿਆਸ ਜੀ ਤਹਿਖ਼ਾਨੇ ‘ਚ ਪੂਜਾ ਜਾਰੀ ਰਹੇਗੀ

ਅਲਾਹਾਬਾਦ ਹਾਈ ਕੋਰਟ ਵੱਲੋਂ ਮੁਸਲਿਮ ਧਿਰ ਦੀ ਪਟੀਸ਼ਨ ਰੱਦ
ਪ੍ਰਯਾਗਰਾਜ, 26 ਫਰਵਰੀ (ਪੰਜਾਬ ਮੇਲ)- ਅਲਾਹਾਬਾਦ ਹਾਈ ਕੋਰਟ ਨੇ ਵਾਰਾਨਸੀ ਦੇ ਜ਼ਿਲ੍ਹਾ ਜੱਜ ਵੱਲੋਂ ਵਾਰਾਨਸੀ ਜ਼ਿਲ੍ਹਾ ਮੈਜਿਸਟਰੇਟ ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਅੰਦਰ ਵਿਆਸ ਜੀ ਦੇ ਤਹਿਖਾਨੇ ਦਾ ਰਿਸੀਵਰ (ਨਿਗਰਾਨੀ) ਨਿਯੁਕਤ ਕਰਨ ਅਤੇ ਉਸ ਵਿਚ ਪੂਜਾ ਦੀ ਇਜਾਜ਼ਤ ਦੇਣ ਦੇ ਫੈਸਲੇ ਵਿਰੁੱਧ ਦਾਇਰ ਅਪੀਲ ਨੂੰ ਅੱਜ ਰੱਦ ਕਰ ਦਿੱਤਾ। ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ 15 ਫਰਵਰੀ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਕਿਹਾ ਕਿ ਵਿਆਸ ਜੀ ਦੀ ਤਹਿਖ਼ਾਨੇ ਵਿਚ ਪੂਜਾ ਜਾਰੀ ਰਹੇਗੀ। ਗਿਆਨਵਾਪੀ ਮਸਜਿਦ ਦਾ ਪ੍ਰਬੰਧਨ ਕਰਨ ਵਾਲੀ ਅੰਜੁਮਨ ਇੰਤੇਜ਼ਾਮੀਆ ਮਸਜਿਦ ਕਮੇਟੀ ਨੇ ਵਾਰਾਨਸੀ ਦੇ ਜ਼ਿਲ੍ਹਾ ਜੱਜ ਦੇ ਦੋਵਾਂ ਫੈਸਲਿਆਂ ਵਿਰੁੱਧ ਅਲਾਹਾਬਾਦ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਸੀ।