#EUROPE

ਗਾਜ਼ਾ ‘ਚ ਜੰਗਬੰਦੀ ਦੇ ਸਮਝੌਤੇ ‘ਤੇ ਸਹਿਮਤ ਨਹੀਂ ਹੋਵਾਂਗੇ: ਨੇਤਨਯਾਹੂ

-ਜੰਗ ਜਾਰੀ ਰੱਖਣ ਲਈ ਬਜ਼ਿੱਦ ਇਜ਼ਰਾਇਲੀ ਪ੍ਰਧਾਨ ਮੰਤਰੀ
ਤਲ ਅਵੀਵ, 25 ਜੂਨ (ਪੰਜਾਬ ਮੇਲ)- ਗਾਜ਼ਾ ਵਿਚ ਅੱਠ ਮਹੀਨਿਆਂ ਤੋਂ ਚੱਲ ਰਹੀ ਜੰਗ ਦੇ ਖ਼ਾਤਮੇ ਸਬੰਧੀ ਅਮਰੀਕਾ ਦਾ ਸਮਰਥਨ ਪ੍ਰਾਪਤ ਤਜਵੀਜ਼ ਨੂੰ ਲਾਗੂ ਕਰਨ ‘ਤੇ ਉਸ ਸਮੇਂ ਸ਼ੱਕ ਖੜ੍ਹਾ ਹੋ ਗਿਆ, ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਸਿਰਫ਼ ਥੋੜ੍ਹੇ ਸਮੇਂ ਲਈ ਜੰਗਬੰਦੀ ਦੇ ਸਮਝੌਤੇ ਬਾਰੇ ਸਹਿਮਤ ਹੋਣ ਲਈ ਤਿਆਰ ਹੋਣਗੇ, ਜਿਸ ਨਾਲ ਜੰਗ ਖ਼ਤਮ ਨਹੀਂ ਹੋਵੇਗੀ। ਨੇਤਨਯਾਹੂ ਦੀ ਇਸ ਟਿੱਪਣੀ ਨਾਲ ਹਮਾਸ ਵੱਲੋਂ ਬੰਦੀ ਬਣਾਏ ਲੋਕਾਂ ਦੇ ਪਰਿਵਾਰਾਂ ਵਿਚ ਰੋਸ ਫੈਲ ਗਿਆ ਹੈ।
ਨੇਤਨਯਾਹੂ ਨੇ ਇਜ਼ਰਾਇਲੀ ਚੈਨਲ 14 ‘ਤੇ ਐਤਵਾਰ ਨੂੰ ਦਿੱਤੀ ਇੰਟਰਵਿਊ ‘ਚ ਗਾਜ਼ਾ ਪੱਟੀ ‘ਚ ਬੰਦੀ ਬਣਾਏ ਗਏ ਲਗਪਗ 120 ਲੋਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ”ਅੰਸ਼ਿਕ ਸਮਝੌਤੇ ਲਈ ਤਿਆਰ ਹਨ ਅਤੇ ਇਹ ਕੋਈ ਰਹੱਸ ਨਹੀਂ ਹੈ, ਜਿਸ ਨਾਲ ਸਾਨੂੰ ਕੁੱਝ ਲੋਕ ਵਾਪਸ ਮਿਲ ਜਾਣਗੇ। ਪਰ ਅਸੀਂ ਹਮਾਸ ਦੇ ਖ਼ਾਤਮੇ ਦੇ ਟੀਚੇ ਨੂੰ ਪੂਰਾ ਕਰਨ ਲਈ ਇੱਕ ਜੰਗਬੰਦੀ ਮਗਰੋਂ ਜੰਗ ਜਾਰੀ ਰੱਖਣ ਲਈ ਵਚਨਬੱਧ ਹਾਂ। ਮੈਂ ਇਸ ਨੂੰ ਛੱਡਣ ਲਈ ਤਿਆਰ ਨਹੀਂ ਹਾਂ।”
ਨੇਤਨਯਾਹੂ ਦੀ ਇਹ ਟਿੱਪਣੀ ਅਜਿਹੇ ਸੰਵੇਦਨਸ਼ੀਲ ਮੌਕੇ ‘ਤੇ ਆਈ ਹੈ, ਜਦੋਂ ਇਜ਼ਰਾਈਲ ਅਤੇ ਹਮਾਸ ਤਾਜ਼ਾ ਜੰਗਬੰਦੀ ਤਜਵੀਜ਼ ਤੋਂ ਦੂਰ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਇਹ ਜੰਗ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਵਿਚੋਲਿਆਂ ਲਈ ਇੱਕ ਹੋਰ ਝਟਕਾ ਹੋ ਸਕਦਾ ਹੈ।