#AMERICA

ਗਾਖਲ ਗਰੁੱਪ ਵਲੋਂ ਦਿੱਤਾ ਜਾਵੇਗਾ ਸੁਰਜੀਤ ਹਾਕੀ ਟੂਰਨਾਮੈਂਟ ਦਾ ਪਹਿਲਾ ਸਾਢੇ 5 ਲੱਖ ਰੁਪਏ ਦਾ ਇਨਾਮ

ਸਾਨ ਫਰਾਂਸਿਸਕੋ, 17 ਅਕਤੂਬਰ (ਪੰਜਾਬ ਮੇਲ)- ਜਲੰਧਰ ਦੇ ਬਰਲਟਨ ਪਾਰਕ ਵਿਚ ਹੋ ਰਹੇ 41ਵੇਂ ਸੁਰਜੀਤ ਹਾਕੀ ਟੂਰਨਾਮੈਂਟ ਲਈ ਸ਼ੁੱਭ-ਇੱਛਾਵਾਂ ਪੇਸ਼ ਕਰਦਿਆਂ ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਨੇ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਨੂੰ ਮੁਹੱਬਤ ਕਰਨ ਵਾਲੇ ਸਮੂਹ ਪੰਜਾਬੀਆਂ ਨੂੰ 19 ਅਕਤੂਬਰ ਨੂੰ ਸਵੇਰੇ ਬਰਲਟਨ ਪਾਰਕ ਪਹੁੰਚਣ ਦੀ ਅਪੀਲ ਕੀਤੀ ਹੈ। ਕਰੀਬ ਅੱਠ ਦਿਨ ਚੱਲਣ ਵਾਲੇ ਇਸ ਹਾਕੀ ਟੂਰਨਾਮੈਂਟ ਵਿਚ ਰਾਸ਼ਟਰੀ ਪੱਧਰ ਦੀਆਂ ਹਾਕੀ ਕਲੱਬਾਂ ਭਾਗ ਲੈਣਗੀਆਂ ਤੇ ਅੰਤਿਮ ਦਿਨ 26 ਅਕਤੂਬਰ ਨੂੰ ਜਿੱਥੇ ਗਾਖਲ ਗਰੁੱਪ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪਹਿਲਾ ਸਾਢੇ ਪੰਜ ਲੱਖ ਰੁਪਏ ਦਾ ਇਨਾਮ ਦੇਵੇਗਾ, ਉੱਥੇ ਹੀ ਉਲੰਪਿਕ ਖੇਡਾਂ ਵਿਚ ਮੈਡਲ ਜੇਤੂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਵੀ ਗਾਖਲ ਗਰੁੱਪ ਵੱਲੋਂ 5 ਲੱਖ ਰੁਪਏ ਨਾਲ ਉਚੇਚਾ ਸਨਮਾਨ ਕੀਤਾ ਜਾਵੇਗਾ। ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਗਾਖਲ ਗਰੁੱਪ ਪਿਛਲੇ ਲੰਮੇ ਅਰਸੇ ਤੋਂ ਇਸ ਹਾਕੀ ਟੂਰਨਾਮੈਂਟ ਲਈ ਪਹਿਲੇ ਨਗਦ ਇਨਾਮ ਲਈ ਯੋਗਦਾਨ ਪਾਉਂਦਾ ਆ ਰਿਹਾ ਹੈ।