#OTHERS

ਗ਼ੈਰ-ਇਸਲਾਮੀ ਨਿਕਾਹ ਕੇਸ: ਇਮਰਾਨ ਤੇ ਬੁਸ਼ਰਾ ਬੀਬੀ ਨੂੰ 7-7 ਸਾਲ ਦੀ ਕੈਦ

ਇਸਲਾਮਾਬਾਦ, 5 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਦੀ ਇੱਕ ਅਦਾਲਤ ਨੇ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ‘ਗ਼ੈਰ-ਇਸਲਾਮੀ ਨਿਕਾਹ’ ਨਾਲ ਸਬੰਧਤ ਕੇਸ ਵਿਚ ਸੱਤ-ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬੁਸ਼ਰਾ ਬੀਬੀ ਦੇ ਪਹਿਲੇ ਪਤੀ ਖਾਵਰ ਮਾਨੇਕਾ ਨੇ ਇਹ ਕੇਸ ਦਰਜ ਕਰਵਾਇਆ ਸੀ, ਜਿਸ ‘ਚ ਉਸ ਨੇ ਦੋਸ਼ ਲਾਇਆ ਸੀ ਕਿ ਬੁਸ਼ਰਾ ਨੇ ਦੋ ਵਿਆਹਾਂ ਵਿਚਾਲੇ ਲਾਜ਼ਮੀ ਵਕਫ਼ੇ ਜਾਂ ਇੱਦਤ ਦੀ ਇਸਲਾਮੀ ਰਵਾਇਤ ਦੀ ਉਲੰਘਣਾ ਕੀਤੀ ਹੈ। ਮਾਨੇਕਾ ਨੇ ਬੁਸ਼ਰਾ ਬੀਬੀ ‘ਤੇ ਪੀ.ਟੀ.ਆਈ. ਦੇ ਬਾਨੀ ਇਮਰਾਨ ਖਾਨ ‘ਤੇ ਵਿਆਹ ਤੋਂ ਪਹਿਲਾਂ ਸਬੰਧ ਰੱਖਣ ਦਾ ਦੋਸ਼ ਵੀ ਲਾਇਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਦਿਨੀਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਕੰਪਲੈਕਸ ਅੰਦਰ 14 ਘੰਟੇ ਤੱਕ ਕੇਸ ਦੀ ਸੁਣਵਾਈ ਤੋਂ ਇੱਕ ਬਾਅਦ ਸੀਨੀਅਰ ਸਿਵਲ ਜੱਜ ਕੁਦਰਤੁੱਲ੍ਹਾ ਨੇ ਇਹ ਫ਼ੈਸਲਾ ਸੁਣਾਇਆ ਹੈ। ਖ਼ਬਰ ਅਨੁਸਾਰ ਦੋਵਾਂ ਨੂੰ 5-5 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਫ਼ੈਸਲਾ ਸੁਣਾਏ ਜਾਣ ਸਮੇਂ ਖਾਨ ਤੇ ਬੁਸ਼ਰਾ ਦੋਵੇਂ ਅਦਾਲਤ ਦੇ ਕਮਰੇ ‘ਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੀਤੇ ਹਫਤੇ ਦੀ ਸ਼ੁਰੂਆਤ ‘ਚ 71 ਸਾਲ ਇਮਰਾਨ ਨੂੰ ਖੁਫੀਆ ਦਸਤਾਵੇਜ਼ ਮਾਮਲੇ ‘ਚ 10 ਸਾਲ ਤੇ ਤੋਸ਼ਾਖਾਨਾ ਮਾਮਲੇ ‘ਚ 14 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸੇ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਕਿਹਾ ਕਿ ਉਹ ਅਦਾਲਤ ਦੇ ਇਸ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਜਾਣਗੇ।