#EUROPE

ਗਲੋਬਲ ਹੰਗਰ ਇੰਡੈਕਸ 2024 ਦੀ ਰਿਪੋਰਟ ‘ਚ ਭਾਰਤ 127 ਦੇਸ਼ਾਂ ਵਿਚੋਂ 105ਵੇਂ ਸਥਾਨ ‘ਤੇ

-ਭੁੱਖਮਰੀ ਦੇ ਮਾਮਲੇ ‘ਚ ਸ੍ਰੀਲੰਕਾ, ਨੇਪਾਲ ਤੇ ਬੰਗਲਾਦੇਸ਼ ਦੀ ਸਥਿਤੀ ਭਾਰਤ ਨਾਲੋਂ ਬਿਹਤਰ
ਲੰਡਨ, 12 ਅਕਤੂਬਰ (ਪੰਜਾਬ ਮੇਲ)- ਗਲੋਬਲ ਹੰਗਰ ਇੰਡੈਕਸ (ਜੀ.ਐੱਚ.ਆਈ.) 2024 ਦੀ ਰਿਪੋਰਟ ਅਨੁਸਾਰ ਭਾਰਤ ਨੇ 127 ਦੇਸ਼ਾਂ ਵਿਚੋਂ 105ਵਾਂ ਰੈਂਕ ਹਾਸਲ ਕੀਤਾ ਹੈ। ਇਸ ਰਿਪੋਰਟ ਅਨੁਸਾਰ ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਭੁੱਖਮਰੀ ਗੰਭੀਰ ਸਮੱਸਿਆ ਹੈ। ਭਾਰਤ ਨੂੰ ਭੁੱਖਮਰੀ ਦੀ ਗੰਭੀਰ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਇਸ ਰੈਂਕਿੰਗ ਵਿਚ ਸ੍ਰੀਲੰਕਾ, ਨੇਪਾਲ ਤੇ ਬੰਗਲਾਦੇਸ਼ ਨੇ ਵੀ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਦੀ ਰੈਂਕਿੰਗ ਪਾਕਿਸਤਾਨ ਤੇ ਅਫਗਾਨਿਸਤਾਨ ਨਾਲੋਂ ਬਿਹਤਰ ਹੈ। ਇਹ ਰਿਪੋਰਟ ਕਨਸਰਨ ਵਰਲਡਵਾਈਡ ਅਤੇ ਵੈਲਟਹੰਗਰਹਿਲਫ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਦੁਨੀਆਂ ਦੇ ਜ਼ਿਆਦਾਤਰ ਗਰੀਬ ਦੇਸ਼ਾਂ ਵਿਚ ਭੁੱਖਮਰੀ ਦਾ ਪੱਧਰ ਕਈ ਦਹਾਕਿਆਂ ਤੱਕ ਉੱਚਾ ਹੀ ਰਹੇਗਾ। ਇਸ ਰਿਪੋਰਟ ਵਿਚ ਭਾਰਤ ਉਨ੍ਹਾਂ 42 ਦੇਸ਼ਾਂ ਵਿਚ ਸ਼ਾਮਲ ਹੈ, ਜੋ ਭੁੱਖਮਰੀ ਦੀ ‘ਗੰਭੀਰ’ ਸ਼੍ਰੇਣੀ ਵਿਚ ਆਉਂਦੇ ਹਨ। ਇਸ ਰਿਪੋਰਟ ਵਿਚ ਭਾਰਤ ਦੇ 27.3 ਅੰਕ ਹਨ। ਇਹ ਗਲੋਬਲ ਹੰਗਰ ਇੰਡੈਕਸ ਰਿਪੋਰਟ ਚਾਰ ਪੈਮਾਨਿਆਂ ‘ਤੇ ਆਧਾਰਿਤ ਹੈ, ਜਿਸ ਦੀ 13.7 ਫੀਸਦੀ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ, ਪੰਜ ਸਾਲ ਤੋਂ ਘੱਟ ਉਮਰ ਦੇ 35.5 ਫੀਸਦੀ ਬੱਚੇ ਅਵਿਕਸਤ ਹਨ, ਜਿਨ੍ਹਾਂ ਵਿਚੋਂ 18.7 ਫੀਸਦੀ ਕਮਜ਼ੋਰ ਹਨ ਅਤੇ 2.9 ਫੀਸਦੀ ਬੱਚੇ ਪੈਦਾਇਸ਼ ਦੇ ਪੰਜ ਸਾਲ ਦੇ ਅੰਦਰ ਮਰ ਜਾਂਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆਂ ਭਰ ਨੂੰ ਸਾਲ 2030 ਤੱਕ ਭੁੱਖਮਰੀ ਤੋਂ ਮੁਕਤ ਕਰਨ ਦੇ ਸੰਯੁਕਤ ਰਾਸ਼ਟਰ ਦੇ ਟੀਚੇ ਨੂੰ ਹਾਸਲ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ।
ਦੱਸਣਾ ਬਣਦਾ ਹੈ ਕਿ ਭਾਰਤ ਨੇ ਸਾਲ 2000 ਤੋਂ ਬਾਅਦ ਬੱਚਿਆਂ ਦੀ ਮੌਤ ਦਰ ਨੂੰ ਕਾਫੀ ਹੱਦ ਤਕ ਕਾਬੂ ਵਿਚ ਕਰ ਲਿਆ ਹੈ ਪਰ ਹਾਲੇ ਵੀ ਭੁੱਖਮਰੀ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ।