#AMERICA

ਗਰੀਨਵੁੱਡ ਵਿੱਚ ਸੜਕ ‘ਤੇ ਹੋਈ ਮਾਮੂਲੀ ਤਕਰਾਰ ‘ਚ ਯੂਬਾ ਸਿਟੀ ਦੇ ਪੰਜਾਬੀ ਨੌਜਵਾਨ ਦੀ ਮੌਤ

ਗਰੀਨਵੁੱਡ (ਲੁਜੀਆਨਾ)  28 ਅਪ੍ਰੈਲ  (ਗੁਰਿੰਦਰਜੀਤ ਨੀਟਾ ਮਾਛੀਕੇ/ਪੰਜਾਬ ਮੇਲ) – ਅਮਰੀਕਾ ਦੀ ਲੂਸੀਆਨਾ ਸਟੇਟ ਦੇ ਸ਼ਹਿਰ ਗਰੀਨਵੁੱਡ ਤੋਂ ਬੜੀ ਮਾੜੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੜਕ ‘ਤੇ ਹੋਈ ਮਾਮੂਲੀ ਤਕਰਾਰ ਨੇ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਜੱਜ (36), ਨਿਵਾਸੀ ਯੂਬਾ ਸਿਟੀ ਕੈਲੀਫੋਰਨੀਆ ਦੀ ਜਾਨ ਲੈ ਲਈ। ਇਹ ਘਟਨਾ ਲੰਘੇ ਮੰਗਲਵਾਰ ਸਵੇਰੇ 10 ਕੁ ਵਜੇ ਦੀ ਦੱਸੀ ਜਾ ਰਹੀ ਹੈ।  ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਜੱਜ ਆਪਣੇ ਟਰੱਕ ਵਿੱਚ ਫਰੀਵੇਅ 20 ਤੇ ਟਰੈਵਲ ਕਰ ਰਿਹਾ ਸੀ ਕਿ ਉਸਦਾ ਡਾਰਕ ਰੰਗ ਦੇ ਐਕੁਇਰਾ ਐਸ.ਯੂ.ਵੀ ਵਾਲੇ ਡਰਾਈਵਰ ਨਾਲ ਕਿਸੇ ਗੱਲੋਂ ਝਗੜਾ ਸ਼ੁਰੂ ਹੋ ਗਿਆ। ਬਹਿਸਬਾਜੀ ਤੋਂ ਗੱਲ ਅੱਗੇ ਵਧੀ। ਦੋਵਾਂ ਡਰਾਈਵਰਾਂ ਨੇ ਗੱਡੀਆਂ 20 ਫਰੀਵੇਅ ਅਤੇ ਹਾਈਵੇਅ 80 ਦੇ ਇਗਜਟ ਨੰਬਰ ਤਿੰਨ ਦੇ ਰੈਂਪ ‘ਤੇ ਕੱਢ ਲਈਆ। ਜਦੋਂ ਗੁਰਪ੍ਰੀਤ ਸਿੰਘ ਜੱਜ ਆਪਣੇ ਸੈਮੀ ਟਰੱਕ ਵਿਚੋਂ ਉਤਰਕੇ ਡਾਰਕ ਰੰਗ ਦੇ ਐਸ.ਯੂ.ਵੀ ਵੱਲ ਨੂੰ ਵਧਿਆ ਤਾਂ ਉਸਨੇ ਗੰਨ ਕੱਢ ਲਈ।

ਇਹ ਵੇਖਕੇ ਗੁਰਪ੍ਰੀਤ ਸਿੰਘ ਜੱਜ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਰ ਡਰਾਈਵਰ ਨੇ ਉਸਨੂੰ ਪਿੱਛੋਂ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਕਾਰ ਡਰਾਈਵਰ ਟੈਕਸਾਸ ਸਟੇਟ ਵੱਲ ਨੂੰ ਹਾਈਵੇਅ 20 ‘ਤੇ ਪੱਛਮ ਵੱਲ ਨੂੰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਮੌਕੇ ‘ਤੇ ਮਜੂਦ ਹੋਰ ਟਰੱਕਾਂ ਦੇ ਕੈਮਰੇ ਖੁੰਗਾਲ ਕੇ ਦੋਸ਼ੀ ਦੀ ਪਹਿਚਾਣ ਕਰਨ ਵਿੱਚ ਲੱਗੀ ਹੋਈ ਹੈ। ਮ੍ਰਿਤਕ ਪੰਜਾਬ ਦੇ ਪਿੰਡ ਅਤੋਵਾਲ ਤੋਂ ਦੱਸਿਆ ਜਾ ਰਿਹਾ ਹੈ।