-ਸਿਹਤ ਵਿਭਾਗ ਵਲੋਂ ਸਖ਼ਤ ਹਦਾਇਤਾਂ ਜਾਰੀ
ਅੰਮ੍ਰਿਤਸਰ, 22 ਮਈ (ਪੰਜਾਬ ਮੇਲ)- ਗਰਮੀ ਕਾਰਨ ਤਾਪਮਾਨ ‘ਚ ਵਾਧਾ ਹੁੰਦਿਆਂ ਹੀ ਡੇਂਗੂ ਅਤੇ ਚਿਕਨਗੁਨੀਆਂ ਦੀ ਬੀਮਾਰੀ ਅੰਮ੍ਰਿਤਸਰੀਆਂ ਨੂੰ ਆਪਣੇ ਲਪੇਟ ‘ਚ ਲੈਣ ਲੱਗ ਪਈ ਹੈ। ਸਿਹਤ ਵਿਭਾਗ ਵੱਲੋਂ ਬੀਮਾਰੀ ਦੀ ਸ਼ੁਰੂਆਤ ਦੌਰਾਨ ਜ਼ਿਲ੍ਹੇ ਵਿਚ ਚਿਕਨਗੁਨੀਆਂ ਦੇ 3 ਅਤੇ ਡੇਂਗੂ ਦੇ 2 ਪਾਜ਼ੀਟਿਵ ਮਾਮਲੇ ਰਿਪੋਰਟ ਕੀਤੇ ਹਨ, ਜਦਕਿ ਪਿਛਲੇ ਸਾਲ ਚਿਕਨਗੁਨੀਆਂ ਦੇ 531 ਅਤੇ ਡੇਂਗੂ ਦੇ 651 ਮਾਮਲੇ ਰਿਪੋਰਟ ਕੀਤੇ ਗਏ ਸਨ। ਵਿਭਾਗ ਵੱਲੋਂ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ‘ਤੇ ਡੇਂਗੂ ਅਤੇ ਚਿਕਨਗੁਨੀਆਂ ਦੇ 20 ਹਾਟ ਸਪਾਟ ਕੇਂਦਰ ਬਣਾ ਦਿੱਤੇ ਹਨ।
ਵਿਭਾਗ ਵੱਲੋਂ ਉਕਤ ਬੀਮਾਰੀਆਂ ਨੂੰ ਲੈ ਕੇ ਜਿੱਥੇ ਸਰਕਾਰੀ ਹਸਪਤਾਲਾਂ ਵਿਚ ਮੁਕੰਮਲ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਹੈ, ਉਥੇ ਹੀ ਗਠਿਤ ਵੱਖ-ਵੱਖ ਟੀਮਾਂ ਨੂੰ ਹਦਾਇਤ ਕੀਤੀ ਹੈ ਕਿ ਜਿਸ ਵਿਅਕਤੀ ਦੇ ਘਰ ਵਿਚੋਂ ਡੇਂਗੂ ਦਾ ਲਾਰਵਾ ਮਿਲਦਾ ਹੈ, ਉਸ ਦਾ ਤੁਰੰਤ ਜੁਰਮਾਨੇ ਵਜੋਂ ਚਲਾਨ ਕੱਟਿਆ ਜਾਵੇ। ਇਹ ਬੀਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ, ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀਆਂ ਹਨ।
ਜਾਣਕਾਰੀ ਅਨੁਸਾਰ ਮੌਸਮ ਦੇ ਬਦਲਣ ਤੋਂ ਬਾਅਦ ਗਰਮੀ ਕਾਰਨ ਤਾਪਮਾਨ ਵਿਚ ਇਜਾਫਾ ਹੋਣ ਦੇ ਨਾਲ ਹੀ ਡੇਂਗੂ ਵਾਲਾ ਮੱਛਰ ਲੋਕਾਂ ਨੂੰ ਆਪਣੀ ਜਕੜ ਵਿਚ ਲੈਣ ਲੱਗ ਪਿਆ ਹੈ। ਇਹ ਇਕ ਅਜਿਹਾ ਮੱਛਰ ਹੈ, ਜੋ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਸਵੇਰ ਅਤੇ ਸ਼ਾਮ ਦੇ ਸਮੇਂ ਕੱਟਦਾ ਹੈ। ਇਸ ਬੀਮਾਰੀ ਦਾ ਜੇਕਰ ਸਮੇਂ ‘ਤੇ ਇਲਾਜ ਨਾ ਕਰਵਾਇਆ ਜਾਵੇ, ਤਾਂ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਇਸ ਤੋਂ ਇਲਾਵਾ ਚਿਕਨਗੁਨੀਆਂ ਦੀ ਬੀਮਾਰੀ ਵੀ ਤੇਜ਼ੀ ਨਾਲ ਜ਼ਿਲ੍ਹੇ ਵਿਚ ਆਪਣੇ ਪੈਰ ਪਸਾਰ ਰਹੀ ਹੈ। ਇਹ ਬੀਮਾਰੀ ਵੀ ਮੱਛਰ ਦੇ ਕੱਟਣ ਤੋਂ ਬਾਅਦ ਆਪਣਾ ਪ੍ਰਭਾਵ ਦਿਖਾਉਂਦੀ ਹੈ। ਇਹ ਇਕ ਅਜਿਹੀ ਬੀਮਾਰੀ ਹੈ, ਜਿਸ ਦੇ ਲੱਛਣ ਬੇਹੱਦ ਖ਼ਤਰਨਾਕ ਹਨ ਅਤੇ ਮਰੀਜ਼ ਦੇ ਸਰੀਰ ਵਿਚ ਬੇਹੱਦ ਦਰਦਨਾਕ ਦਰਦਾਂ ਨਿਕਲਦੀਆਂ ਹਨ। ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਅਤੇ ਚਿਕਨਗੁਨੀਆਂ ਦੀ ਬੀਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।