ਲੁਧਿਆਣਾ, 20 ਜੂਨ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਵੱਲੋਂ ਆਪਣੇ ਔਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ, ਇਸ ਬਾਰੇ ਜਾਣਕਾਰੀ ਉਨ੍ਹਾਂ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੇ ਇਕ ਪੋਸਟ ਪਾਕੇ ਦਿੱਤੀ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਗਏ ਪੱਤਰ ਵਿੱਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੀ ਗੱਲ ਕਰਦੇ ਹੋਏ ਲਿਖਿਆ ਹੈ ਕਿ ਉਹ ਪਿੱਛਲੇ ਲੱਗਭੱਗ ਢਾਈ ਦਹਾਕਿਆਂ ਤੋਂ ਪਾਰਟੀ ਦੀ ਚੜ੍ਹਦੀਕਲਾ ਲਈ ਦਿਨ-ਰਾਤ ਇਕ ਕਰਕੇ ਬੜੇ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਪਿੱਛਲੇ ਸਮੇਂ ਵਿੱਚ ਪਾਰਟੀ ਵੱਲੋਂ ਦਿਤੀਆਂ ਗਈਆਂ ਜਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਹੈ। ਮੌਜੂਦਾ ਸਮੇਂ ਵਿੱਚ ਮੈਂ ਇਹ ਜਿੰਮੇਵਾਰੀ ਨਿਭਾਉਣ ਵਿੱਚ ਅਸਮਰਥ ਹਾਂ ਅਤੇ ਆਪਣੇ ਸਾਰੇ ਔਹੁਦਿਆਂ ਤੋਂ ਅਸਤੀਫ਼ਾ ਦਿੰਦਾ ਹਾਂ । ਆਪਜੀ ਨੂੰ ਆਪਣੇ ਅਸਤੀਫ਼ੇ ਦੀ ਕਾਪੀ ਚੰਡੀਗੜ੍ਹ ਦਫਤਰ ਭੇਜ ਰਿਹਾ ਹਾਂ, ਆਸ ਕਰਦਾ ਹਾਂ ਕਿ ਮੇਰਾ ਅਸਤੀਫ਼ਾ ਪ੍ਰਵਾਨ ਕਰੋਗੇ। ਗਰਚਾ ਵੱਲੋਂ ਅਸਤੀਫ਼ਾ ਦੇਣ ਮਗਰੋਂ ਉਨ੍ਹਾਂ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਲੈਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਅੱਜ ਸਾਰਾ ਦਿਨ ਹੁੰਦੀਆਂ ਰਹੀਆਂ ਵੱਖ ਵੱਖ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਇਸ ਬਾਰੇ ਜਾਣਕਾਰੀ ਲੈਣ ਲਈ ਫੋਨ ਵੀ ਖੜਕਦੇ ਰਹੇ। ਅਕਾਲੀ ਦਲ ਦੇ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਆਪਣੇ ਅਸਤੀਫ਼ੇ ਦੇਣ ਦੀ ਪੁਸ਼ਟੀ ਤਾਂ ਕੀਤੀ ਲੇਕਿਨ ਹਾਲੇ ਹੋਰ ਕੋਈ ਵਧੇਰੇ ਜਾਣਕਾਰੀ ਸਾਂਝਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਗੇ ਜੋ ਵੀ ਫੈਸਲਾ ਉਹ ਲੈਣਗੇ ਉਸਦੀ ਜਾਣਕਾਰੀ ਜਰੂਰ ਸਾਰਿਆਂ ਨੂੰ ਦੇਣਗੇ।