#AMERICA

ਖੁਫੀਆ ਅਧਿਕਾਰੀਆਂ ਵੱਲੋਂ ਖੁਲਾਸਾ; ਰੂਸ, ਚੀਨ ਤੇ ਈਰਾਨ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕਰ ਰਹੇ ਨੇ ਕੋਸ਼ਿਸ਼

ਵਾਸ਼ਿੰਗਟਨ, 7 ਸਤੰਬਰ (ਪੰਜਾਬ ਮੇਲ)- ਅਮਰੀਕੀ ਖੁਫੀਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੂਸ, ਚੀਨ ਅਤੇ ਈਰਾਨ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਕ ਸੀਨੀਅਰ ਅਮਰੀਕੀ ਖੁਫੀਆ ਅਧਿਕਾਰੀ ਦੇ ਹਵਾਲੇ ਨਾਲ ਰਾਇਟਰਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੂਸ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਵਾਲਾ ਸਭ ਤੋਂ ਸਰਗਰਮ ਵਿਰੋਧੀ ਹੈ, ਜਦੋਂਕਿ ਚੀਨ ਡਾਊਨ-ਬੈਲਟ ਰੇਸ ਨੂੰ ਪ੍ਰਭਾਵਿਤ ਕਰਨ ‘ਤੇ ਧਿਆਨ ਦੇ ਰਿਹਾ ਹੈ।
ਅਧਿਕਾਰੀ ਨੇ ਦਾਅਵਾ ਕੀਤਾ ਕਿ ਈਰਾਨ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਸਰਗਰਮ ਹੈ ਅਤੇ ਰਾਸ਼ਟਰਪਤੀ ਅਤੇ ਸੰਸਦੀ ਚੋਣਾਂ ‘ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਖੁਫੀਆ ਭਾਈਚਾਰਾ ਵਿਦੇਸ਼ੀ ਪ੍ਰਭਾਵ ਨੂੰ ਰੋਕਣ ਲਈ ਪਹਿਲਾਂ ਨਾਲੋਂ ਜ਼ਿਆਦਾ ਗਿਣਤੀ ‘ਚ ਨਿੱਜੀ ਚਿਤਾਵਨੀਆਂ ਜਾਰੀ ਕਰ ਰਿਹਾ ਹੈ।
ਰੂਸ ਦੇ ਸਰਕਾਰੀ ਮੀਡੀਆ ਨੈੱਟਵਰਕ ਆਰਟੀ ਦੇ ਦੋ ਕਰਮਚਾਰੀਆਂ ਦੇ ਖਿਲਾਫ ਅਮਰੀਕਾ ਵਿਚ ਮਨੀ ਲਾਂਡਰਿੰਗ ਦੇ ਦੋਸ਼ ਦਾਇਰ ਕੀਤੇ ਜਾਣ ਤੋਂ ਬਾਅਦ ਹੋਈ ਇਸ ਬ੍ਰੀਫਿੰਗ ਵਿਚ, ਅਧਿਕਾਰੀਆਂ ਨੇ ਕਿਹਾ ਕਿ ਇੱਕ ਅਮਰੀਕੀ ਕੰਪਨੀ ਦੀਆਂ ਸੇਵਾਵਾਂ ਦੀ ਵਰਤੋਂ ਆਨਲਾਈਨ ਸਮੱਗਰੀ ਬਣਾਉਣ ਲਈ ਕੀਤੀ ਗਈ ਸੀ, ਜੋ 2024 ਦੀਆਂ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ ਨੂੰ ਪ੍ਰਭਾਵਤ ਕਰ ਸਕਦੀ ਸੀ ਚੱਲ ਰਹੇ ਸਨ।
ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਦੋ ਰੂਸੀ ਟੀ.ਵੀ. ਕਰਮਚਾਰੀਆਂ ਨੇ ਅਮਰੀਕਾ ਵਿਚ ਰਾਜਨੀਤਿਕ ਵੰਡ ਨੂੰ ਭੜਕਾਉਣ ਦੇ ਉਦੇਸ਼ ਨਾਲ ਇੱਕ ਟੈਨੇਸੀ ਕੰਪਨੀ ਨਾਲ ਗੱਲ ਕੀਤੀ ਸੀ। ਕੰਪਨੀ ਨੂੰ ਆਨਲਾਈਨ ਵੀਡੀਓ ਬਣਾਉਣ ਲਈ 10 ਮਿਲੀਅਨ ਡਾਲਰ ਦਾ ਭੁਗਤਾਨ ਕਰਨਾ ਪਿਆ। ਇਹ ਭੁਗਤਾਨ ਸ਼ੈੱਲ ਕੰਪਨੀਆਂ ਅਤੇ ਫਰਜ਼ੀ ਪਛਾਣ ਦੇ ਆਧਾਰ ‘ਤੇ ਕੀਤਾ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਮਈ ਵਿਚ ਅਮਰੀਕੀ ਅਧਿਕਾਰੀਆਂ ਨੇ ਸੈਨੇਟ ਦੀ ਇੱਕ ਕਮੇਟੀ ਨੂੰ ਦੱਸਿਆ ਸੀ ਕਿ ਇਸ ਵਾਰ ਵੱਡੀ ਗਿਣਤੀ ਵਿਚ ਵਿਦੇਸ਼ੀ ਤਾਕਤਾਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ਵਿਚ ਰੂਸ, ਚੀਨ ਅਤੇ ਈਰਾਨ ਸਭ ਤੋਂ ਅੱਗੇ ਹਨ। ਉਹ ਆਪਣੇ ਗੈਰ ਸਰਕਾਰੀ ਅਨਸਰਾਂ ਦੀ ਮਦਦ ਨਾਲ ਅਜਿਹਾ ਕਰ ਰਹੇ ਹਨ।