#PUNJAB

ਖਡੂਰ ਸਾਹਿਬ ‘ਚ ਵੱਡੀ ਜਿੱਤ ਹਾਸਲ ਕਰਨ ਬਾਅਦ ਅੰਮ੍ਰਿਤਪਾਲ ਦੀ ਪਤਨੀ ਡਿਬਰੂਗੜ੍ਹ ਜੇਲ੍ਹ ਪਹੁੰਚੀ

-ਅੰਮ੍ਰਿਤਪਾਲ ਸਿੰਘ ਦੀ ਜਿੱਤ ‘ਤੇ ਮਾਤਾ-ਪਿਤਾ ਵੱਲੋਂ ਧੰਨਵਾਦ
ਚੰਡੀਗੜ੍ਹ, 6 ਜੂਨ (ਪੰਜਾਬ ਮੇਲ)- ਪੰਥਕ ਸੀਟ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਡਿਬਰੂਗੜ੍ਹ ਜੇਲ੍ਹ ਪਹੁੰਚ ਗਈ ਹੈ। ਜਿੱਥੇ ਉਹ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰੇਗੀ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਕ ਦਿਨ ਬਾਅਦ ਹੀ ਕਿਰਨਦੀਪ ਕੌਰ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਲਈ ਡਿਬਰੂਗੜ੍ਹ ਜੇਲ੍ਹ ਪਹੁੰਚ ਗਈ ਹੈ। ਆਜ਼ਾਦ ਤੌਰ ‘ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਦਾਨ ਵਿਚ ਉਤਰੇ ਅੰਮ੍ਰਿਤਪਾਲ ਸਿੰਘ ਨੇ ਇਥੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਖਡੂਰ ਸਾਹਿਬ ਤੋਂ ਆਏ ਨਤੀਜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਜੇਲ੍ਹ ਵਿਚ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਇਥੇ 2 ਲੱਖ ਦੇ ਕਰੀਬ ਮਾਰਜਨ ਨਾਲ ਜਿੱਤਿਆ ਹੈ। ਅੰਮ੍ਰਿਤਪਾਲ ਸਿੰਘ ਦੀ ਇਹ ਜਿੱਤ ਪੰਜਾਬ ਵਿਚ ਸਭ ਤੋਂ ਵੱਡੀ ਜਿੱਤ ਹੈ।
ਅੰਮ੍ਰਿਤਪਾਲ ਸਿੰਘ ਨੂੰ ਇਥੇ 404430 ਰਿਕਾਰਡ ਵੋਟਾਂ ਹਾਸਲ ਹੋਈਆਂ ਸਨ। ਜਦਕਿ ਉਨ੍ਹਾਂ ਦੇ ਵਿਰੋਧੀ ਕੁਲਬੀਰ ਜ਼ੀਰਾ ਨੂੰ 207310 ਵੋਟਾਂ ਪਈਆਂ, ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ 194836 ਵੋਟਾਂ ਪਈਆਂ। ਇਸ ਤੋਂ ਇਲਾਵਾ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਇਥੇ ਮਹਿਜ਼ 86416 ਵੋਟਾਂ ‘ਤੇ ਹੀ ਸੁੰਗੜ ਕੇ ਰਹਿ ਗਏ।
ਪੁੱਤਰ ਦੀ ਜਿੱਤ ‘ਤੇ ਅੰਮ੍ਰਿਤਪਾਲ ਦੇ ਮਾਤਾ-ਪਿਤਾ ਨੇ ਕੌਮ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜਾ ਸਾਰੇ ਪੰਥ ਅਤੇ ਪੰਜਾਬ ਲਈ ਖੁਸ਼ੀ ਦੀ ਗੱਲ ਹੈ ਪਰ ਨਾਲ ਹੀ ਇਹ ਵੀ ਅਪੀਲ ਕੀਤੀ ਕਿ ਕੋਈ ਵੀ 6 ਜੂਨ ਤਕ ਕਿਸੇ ਕਿਸਮ ਦਾ ਜਸ਼ਨ ਨਾ ਮਨਾਵੇ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ। ਉਨ੍ਹਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ ਤੇ 6 ਜੂਨ ਨੂੰ ਭੋਗ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਜਿੱਤ ਸਾਡੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਜਿੱਤਣ ਮਗਰੋਂ ਨਸ਼ੇ, ਬੰਦੀ ਸਿੰਘ ਅਤੇ ਬੇਅਦਬੀ ਦੇ ਮਾਮਲੇ ਪਹਿਲ ਦੇ ਅਧਾਰ ‘ਤੇ ਚੁੱਕੇ ਜਾਣਗੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸਰਕਾਰ ਨੂੰ ਬਿਨਾਂ ਕਿਸੇ ਕਾਨੂੰਨੀ ਲੜਾਈ ਦੇ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ, ਤਾਂ ਜੋ ਉਹ ਲੋਕਾਂ ਵਿਚ ਵਿਚਰ ਕੇ ਨਸ਼ਿਆਂ ਖ਼ਿਲਾਫ਼ ਜਾਗਰੁਕਤਾ ਪੈਦਾ ਕਰ ਸਕੇ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਹੱਕ ਵਿਚ ਆਵਾਜ਼ ਬੁਲੰਦ ਕਰੇਗਾ।