-ਭਾਰਤੀ ਨਾਗਰਿਕਾਂ ਨੂੰ ਗੈਰਕਾਨੂੰਨੀ ਕੰਮ ਕਰਨ ਲਈ ਕੀਤਾ ਗਿਆ ਸੀ ਮਜਬੂਰ
-ਭਾਰਤੀ ਵਿਦੇਸ਼ ਮੰਤਰਾਲੇ ਨੇ ਕੰਬੋਡੀਆ ਅਧਿਕਾਰੀਆਂ ਨਾਲ ਸੰਪਰਕ ਬਣਾਇਆ
ਨਵੀਂ ਦਿੱਲੀ, 30 ਮਾਰਚ (ਪੰਜਾਬ ਮੇਲ)- ਭਾਰਤੀ ਵਿਦੇਸ਼ ਮੰਤਰਾਲੇ ਨੇ ਕੰਬੋਡੀਆ ਵਿਚ ਫਸੇ 250 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਨ੍ਹਾਂ ਭਾਰਤੀਆਂ ਨੂੰ ਉੱਥੇ ਰੁਜ਼ਗਾਰ ਦੇ ਮੌਕਿਆਂ ਦਾ ਲਾਲਚ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਗੈਰਕਾਨੂੰਨੀ ਸਾਈਬਰ ਕੰਮ ਵਿਚ ਲਾ ਦਿੱਤਾ ਗਿਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਕੰਬੋਡੀਆ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ ਤੇ ਲਗਪਗ 250 ਭਾਰਤੀਆਂ ਨੂੰ ਉਥੋਂ ਕੱਢ ਕੇ ਵਾਪਸ ਭੇਜਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਇਨ੍ਹਾਂ 250 ‘ਚੋਂ 75 ਭਾਰਤੀ ਪਿਛਲੇ ਤਿੰਨ ਮਹੀਨੇ ਪਹਿਲਾਂ ਹੀ ਉਥੇ ਗਏ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਅਸੀਂ ਕੰਬੋਡੀਆ ਵਿਚ ਫਸੇ ਭਾਰਤੀ ਨਾਗਰਿਕਾਂ ਬਾਰੇ ਮੀਡੀਆ ਰਿਪੋਰਟਾਂ ਵੇਖੀਆਂ ਹਨ। ਕੰਬੋਡੀਆ ਵਿਚ ਸਾਡਾ ਦੂਤਾਵਾਸ ਭਾਰਤੀ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰ ਰਿਹਾ ਹੈ, ਜਿਨ੍ਹਾਂ ਨੂੰ ਕੰਬੋਡੀਆ ਵਿਚ ਰੁਜ਼ਗਾਰ ਦੇ ਮੌਕਿਆਂ ਦਾ ਲਾਲਚ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਲਈ ਮਜਬੂਰ ਕੀਤਾ ਗਿਆ।’