#Cricket #SPORTS

ਕ੍ਰਿਕਟ ਵਿਸ਼ਵ ਕੱਪ: ਨਿਊਜ਼ੀਲੈਂਡ ਨੂੰ ਸੈਮੀਫਾਈਨਲ ’ਚ ਹਰਾ ਭਾਰਤ ਫਾਈਨਲ ’ਚ ਪੁੱਜਾ

ਮੁੰਬਈ, 15 ਨਵੰਬਰ (ਪੰਜਾਬ ਮੇਲ)- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਫਾਈਨਲ ’ਚ ਪੁੱਜ ਗਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਵਿਰਾਟ ਕੋਹਲੀ (117) ਅਤੇ ਸ਼੍ਰੇਅਸ ਅਈਅਰ (105) ਦੀਆਂ ਸੈਂਕੜੇ ਵਾਲੀ ਪਾਰੀਆਂ ਦੀ ਬਦੌਲਤ 4 ਵਿਕਟਾਂ ਦੇ ਨੁਕਸਾਨ ’ਤੇ ਨਿਊਜ਼ੀਲੈਂਡ ਨੂੰ 398 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ । ਟੀਚੇ ਦਾ ਪਿੱਛਾ ਕਰਨ ਆਈ ਨਿਊਜ਼ੀਲੈਂਡ ਦੀ ਟੀਮ ਮੁਹੰਮਦ ਦੀ ਸ਼ਮੀ ਦੀ ਘਾਤਕ ਗੇਂਦਬਾਜ਼ੀ ਅੱਗੇ ਟਿਕ ਨਾ ਸਕੀ। ਨਿਊਜ਼ੀਲੈਂਡ 48.5 ਓਵਰਾਂ ’ਚ ਸਾਰੀਆਂ ਵਿਕਟਾਂ ਗੁਆ ਕੇ 327 ਦੌੜਾਂ ਹੀ ਬਣਾ ਸਕੀ ਤੇ 70 ਦੌੜਾਂ ਨਾਲ ਮੈਚ ਹਾਰ ਗਈ।
ਭਾਰਤ ਵੱਲੋਂ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ 7 ਵਿਕਟਾਂ ਹਾਸਲ ਕੀਤੀਆਂ, ਜਦਕਿ ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਨੂੰ 1-1 ਵਿਕਟ ਮਿਲੀ। ਨਿਊਜ਼ੀਲੈਂਡ ਵੱਲੋਂ ਡੇਰਿਲ ਮਿਸ਼ੇਲ ਨੇ ਸਭ ਤੋਂ ਵੱਧ 134 ਦੌੜਾਂ ਬਣਾਈਆਂ।