ਨਵੀਂ ਦਿੱਲੀ, 29 ਦਸੰਬਰ (ਪੰਜਾਬ ਮੇਲ)- ਕੌਮੀ ਰਾਜਧਾਨੀ ਦੇ ਚਾਣਕਿਆਪੁਰੀ ਇਲਾਕੇ ਵਿੱਚ ਸਥਿਤ ਇਜ਼ਰਾਈਲ ਦੇ ਸਫ਼ਾਰਤਖਾਨੇ ਨੇੜੇ ਹੋਏ ਧਮਾਕੇ ਦੀ ਤਿੰਨ ਦਿਨ ਦੀ ਜਾਂਚ ਮਗਰੋਂ ਦਿੱਲੀ ਪੁਲੀਸ ਨੂੰ ਸਾਜ਼ਿਸ਼ ਦੇ ‘ਅਹਿਮ ਸਬੂਤ’ ਮਿਲੇ ਹਨ ਅਤੇ ਉਹ ਹੁਣ ਐੱਫਆਈਆਰ ਦਰਜ ਕਰਨ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੂੰ ਇਜ਼ਰਾਇਲੀ ਸਫ਼ੀਰ ਨੂੰ ਧਮਕੀ ਦੇਣ ਦੀ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ‘ਅਹਿਮ ਸੁਰਾਗ਼’ ਮਿਲੇ ਹਨ। ਦਿੱਲੀ ਪੁਲਿਸ ਦੇ ਸੂਤਰਾਂ ਨੇ ਕਿਹਾ ਕਿ ਸੁਰੱਖਿਆ ਏਜੰਸੀ ਦੇ ਅਧਿਕਾਰੀ ਉਨ੍ਹਾਂ ਦੋਸ਼ਾਂ ਬਾਰੇ ਵਿਚਾਰ ਕਰ ਰਹੇ ਹਨ ਜਿਨ੍ਹਾਂ ਤਹਿਤ ਐੱਫਆਈਆਰ ਦਰਜ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਅਧਿਕਾਰੀ ਇਹ ਵੀ ਅਧਿਐਨ ਕਰ ਰਹੇ ਹਨ ਕਿ ਕੀ ਜਾਂਚ ਐੱਨਆਈਏ ਨੂੰ ਸੌਂਪੀ ਜਾ ਸਕਦੀ ਹੈ।