#CANADA

ਕੌਮਾਗਾਟਾ ਮਾਰੂ ਘਟਨਾ ਕੈਨੇਡਾ ਦੇ ਇਤਿਹਾਸ ਦਾ ਕਾਲਾ ਸਫ਼ਾ: ਟਰੂਡੋ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੈਨੇਡਾ ਨੂੰ ਬਿਹਤਰ ਮੁਲਕ ਬਣਾਉਣ ਦਾ ਸੱਦਾ ਦਿੱਤਾ
ਓਟਵਾ, 24 ਮਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੌਮਾਗਾਟਾ ਮਾਰੂ ਦੀ ਘਟਨਾ ਨੂੰ ਕੈਨੇਡਾ ਦੇ ਇਤਿਹਾਸ ਦਾ ‘ਕਾਲਾ ਸਫ਼ਾ’ ਕਰਾਰ ਦਿੱਤਾ ਅਤੇ ਕੈਨੇਡਾ ਦੇ ਲੋਕਾਂ ਨੂੰ ਮਿਲ ਕੇ ਸਾਰਿਆਂ ਲਈ ਇੱਕ ਬਿਹਤਰ, ਨਿਰਪੱਖ ਤੇ ਸ਼ਮੂਲੀਅਤਕਾਰੀ ਮੁਲਕ ਬਣਾਉਣ ਦਾ ਸੱਦਾ ਦਿੱਤਾ। ਟਰੂਡੋ ਨੇ ਇੱਕ ਬਿਆਨ ਵਿਚ ਕਿਹਾ, ‘ਅੱਜ ਤੋਂ 110 ਸਾਲ ਪਹਿਲਾਂ ਕੌਮਾਗਾਟਾ ਮਾਰੂ ਨਾਂ ਦਾ ਸਮੁੰਦਰੀ ਜਹਾਜ਼ ਪ੍ਰਸ਼ਾਂਤ ਮਹਾਸਾਗਰ ‘ਚ ਇੱਕ ਲੰਮੀ ਯਾਤਰਾ ਤੋਂ ਬਾਅਦ ਵੈਨਕੂਵਰ ਦੀ ਹਾਰਬਰ ਬੰਦਰਗਾਹ ‘ਤੇ ਪੁੱਜਿਆ ਸੀ। ਇਸ ਜਹਾਜ਼ ‘ਤੇ ਪੰਜਾਬੀ ਮੂਲ ਦੇ ਸਿੱਖਾਂ, ਮਸਲਮਾਨਾਂ ਤੇ ਹਿੰਦੂਆਂ ਸਮੇਤ 376 ਲੋਕ ਸਵਾਰ ਸਨ ਤੇ ਉਹ ਕੈਨੇਡਾ ‘ਚ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸਨ। ਇਨ੍ਹਾਂ ਲੋਕਾਂ ਦਾ ਸਵਾਗਤ ਕਰਨ ਦੀ ਥਾਂ ਉਨ੍ਹਾਂ ਨੂੰ ਕੈਨੇਡਾ ‘ਚ ਦਾਖਲ ਨਹੀਂ ਹੋਣ ਦਿੱਤਾ ਗਿਆ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਪਾਨੀ ਜਹਾਜ਼ ਕੌਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ 1914 ਵਿਚ ਬਿਨਾਂ ਖਾਣਾ-ਪਾਣੀ ਤੇ ਬਿਨਾਂ ਮੈਡੀਕਲ ਸਹਾਇਤਾ ਦੇ ਦੋ ਮਹੀਨੇ ਤੱਕ ਹਿਰਾਸਤ ਵਿਚ ਰੱਖਿਆ ਗਿਆ। ਅਖੀਰ ਕੌਮਾਗਾਟਾ ਮਾਰੂ ਜਹਾਜ਼ ਨੂੰ ਭਾਰਤ ਮੁੜਨ ਲਈ ਮਜਬੂਰ ਹੋਣ ਪਿਆ, ਜਿਸ ਕਾਰਨ ਇਸ ਦੇ ਕਈ ਯਾਤਰੀ ਮਾਰੇ ਗਏ ਜਾਂ ਕੈਦ ਕਰ ਲਏ ਗਏ। ਟਰੂਡੋ ਜਿਨ੍ਹਾਂ ਅੱਠ ਸਾਲ ਪਹਿਲਾਂ ਕੌਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨਾਲ ਜੋ ਹੋਇਆ, ਉਸ ਲਈ ਕੈਨੇਡਾ ਸਰਕਾਰ ਵੱਲੋਂ ਮੁਆਫੀ ਮੰਗੀ ਸੀ, ਨੇ ਕਿਹਾ, ‘ਇਹ ਤ੍ਰਾਸਦਿਕ ਘਟਨਾ ਸਾਡੇ ਦੇਸ਼ ਦੇ ਇਤਿਹਾਸ ‘ਚ ਇੱਕ ਕਾਲਾ ਅਧਿਆਏ ਹੈ।’