#EUROPE

ਕੌਮਾਂਤਰੀ ਨਿਆਂ Court ‘ਚ ਇਜ਼ਰਾਈਲ ਖਿਲਾਫ ਕੇਸ ਦੀ ਸੁਣਵਾਈ ਸ਼ੁਰੂ

ਦੱਖਣੀ ਅਫ਼ਰੀਕਾ ਨੇ ਗਾਜ਼ਾ ‘ਚ ਨਸਲਕੁਸ਼ੀ ਦਾ ਲਾਇਆ ਦੋਸ਼
ਦਿ ਹੇਗ, 12 ਜਨਵਰੀ (ਪੰਜਾਬ ਮੇਲ)- ਕੌਮਾਂਤਰੀ ਨਿਆਂ ਅਦਾਲਤ ‘ਚ ਇਜ਼ਰਾਈਲ ਖ਼ਿਲਾਫ਼ ਕੇਸ ਦੀ ਸੁਣਵਾਈ ਅੱਜ ਤੋਂ ਸ਼ੁਰੂ ਹੋ ਗਈ ਹੈ। ਦੱਖਣੀ ਅਫ਼ਰੀਕਾ ਨੇ ਇਜ਼ਰਾਈਲ ‘ਤੇ ਦੋਸ਼ ਲਾਇਆ ਹੈ ਕਿ ਉਹ ਗਾਜ਼ਾ ਜੰਗ ਦੇ ਬਹਾਨੇ ਨਸਲਕੁਸ਼ੀ ਕਰ ਰਿਹਾ ਹੈ। ਉਂਜ ਇਜ਼ਰਾਈਲ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਦੱਖਣੀ ਅਫ਼ਰੀਕਾ ਨੇ ਕੌਮਾਂਤਰੀ ਅਦਾਲਤ ਨੂੰ ਇਸ ਮਾਮਲੇ ‘ਚ ਤੁਰੰਤ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਜ਼ਰਾਈਲ ਨੂੰ ਗਾਜ਼ਾ ਪੱਟੀ ‘ਚ ਹਮਲੇ ਫੌਰੀ ਰੋਕਣ ਦੇ ਹੁਕਮ ਜਾਰੀ ਕਰੇ। ਦੱਖਣੀ ਅਫ਼ਰੀਕਾ ਨੇ ਇਜ਼ਰਾਈਲ ਦੀ ਫਲਸਤੀਨੀਆਂ ਖ਼ਿਲਾਫ਼ ਕਾਰਵਾਈ ਦੀ ਤੁਲਨਾ ਰੰਗਭੇਦ ਹਕੂਮਤ ਨਾਲ ਕੀਤੀ ਹੈ, ਜਦੋਂ ਅਫ਼ਰੀਕਾ ‘ਚ ਘੱਟ ਗਿਣਤੀ ਗੋਰਿਆਂ ਨੇ ਅਸ਼ਵੇਤਾਂ ਨੂੰ ਆਪਣੀ ਧਰਤੀ ਤੋਂ ਬਾਹਰ ਰਹਿਣ ਲਈ ਮਜਬੂਰ ਕਰ ਦਿੱਤਾ ਸੀ। ਭਲਕੇ ਵੀ ਕੇਸ ‘ਤੇ ਸੁਣਵਾਈ ਹੋਵੇਗੀ। ਕੇਸ ਦਾ ਫ਼ੈਸਲਾ ਹੋਣ ‘ਚ ਕਈ ਹਫ਼ਤੇ ਲੱਗ ਸਕਦੇ ਹਨ। ਕੇਸ ਦੀ ਸੁਣਵਾਈ ਤੋਂ ਪਹਿਲਾਂ ਹੀ ਅਦਾਲਤ ਦੇ ਬਾਹਰ ਇਜ਼ਰਾਈਲ ਅਤੇ ਫਲਸਤੀਨ ਪੱਖੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਟ੍ਰਿਬਿਊਨਲਾਂ ਨੂੰ ਨਾਜਾਇਜ਼ ਤੇ ਪੱਖਪਾਤੀ ਕਰਾਰ ਦੇਣ ਵਾਲੇ ਇਜ਼ਰਾਈਲ ਨੇ ਹਮਾਸ ਖ਼ਿਲਾਫ਼ ਫ਼ੌਜੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਅਪਣੀ ਮਜ਼ਬੂਤ ਕਾਨੂੰਨੀ ਟੀਮ ਭੇਜੀ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਰਾਤ ਵੀਡੀਓ ਬਿਆਨ ਜਾਰੀ ਕਰਕੇ ਫ਼ੌਜੀ ਕਾਰਵਾਈ ਦਾ ਬਚਾਅ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਗਾਜ਼ਾ ਉਪਰ ਪੱਕੇ ਤੌਰ ‘ਤੇ ਕਬਜ਼ੇ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਫਲਸਤੀਨੀ ਆਬਾਦੀ ਨਾਲ ਨਹੀਂ, ਸਗੋਂ ਹਮਾਸ ਅੱਤਵਾਦੀਆਂ ਨਾਲ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰਦਿਆਂ ਜੰਗ ਲੜੀ ਜਾ ਰਹੀ ਹੈ।

ਦੱਖਣੀ ਅਫ਼ਰੀਕਾ ਦੇ ਕੇਸ ਨੂੰ ਹਮਾਇਤ ਦੇਵੇ ਭਾਰਤ: ਸੀ.ਪੀ.ਐੱਮ.
ਨਵੀਂ ਦਿੱਲੀ: ਸੀ.ਪੀ.ਐੱਮ. ਨੇ ਕਿਹਾ ਹੈ ਕਿ ਦੱਖਣੀ ਅਫ਼ਰੀਕਾ ਵੱਲੋਂ ਇਜ਼ਰਾਈਲ ਖ਼ਿਲਾਫ਼ ਕੌਮਾਂਤਰੀ ਨਿਆਂ ਅਦਾਲਤ ‘ਚ ਠੋਕੇ ਗਏ ਕੇਸ ‘ਚ ਭਾਰਤ ਉਸ ਨੂੰ ਹਮਾਇਤ ਦੇਵੇ। ਸੀ.ਪੀ.ਐੱਮ. ਨੇ ‘ਐਕਸ’ ‘ਤੇ ਪੋਸਟ ‘ਚ ਕਿਹਾ ਕਿ ਹੁਣ ਜ਼ੁਲਮ ਰੁਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਬ੍ਰਿਕਸ ਦਾ ਆਗੂ ਹੋਣ ‘ਚ ਮਾਣ ਮਹਿਸੂਸ ਕਰਦਾ ਹੈ, ਤਾਂ ਫਿਰ ਨਰਿੰਦਰ ਮੋਦੀ ਸਰਕਾਰ ਨੂੰ ਫੌਰੀ ਗੋਲੀਬੰਦੀ ਲਈ ਇਜ਼ਰਾਈਲ ‘ਤੇ ਦਬਾਅ ਬਣਾਉਣ ਵਾਸਤੇ ਹੋਰ ਮੁਲਕਾਂ ਨਾਲ ਇਕਜੁੱਟਤਾ ਜ਼ਾਹਿਰ ਕਰਨੀ ਚਾਹੀਦੀ ਹੈ।