#EUROPE

ਕੌਮਾਂਤਰੀ ਨਿਆਂ ਅਦਾਲਤ ਵੱਲੋਂ ਗਾਜ਼ਾ ‘ਚ ਗੋਲੀਬੰਦੀ ਦੇ ਹੁਕਮ ਦੇਣ ਤੋਂ ਇਨਕਾਰ

-ਇਜ਼ਰਾਈਲ ਨੂੰ ਜਾਨ-ਮਾਲ ਦਾ ਨੁਕਸਾਨ ਰੋਕਣ ਲਈ ਯਤਨ ਕਰਨ ਲਈ ਕਿਹਾ
ਦਿ ਹੇਗ, 29 ਜਨਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਨਿਆਂ ਅਦਾਲਤ ਨੇ ਸ਼ੁੱਕਰਵਾਰ ਗਾਜ਼ਾ ‘ਚ ਗੋਲੀਬੰਦੀ ਦੇ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਇਜ਼ਰਾਈਲ ਨੂੰ ਜਾਨ-ਮਾਲ ਦਾ ਨੁਕਸਾਨ ਰੋਕਣ ਲਈ ਯਤਨ ਕਰਨ ਲਈ ਕਿਹਾ। ਦੱਖਣੀ ਅਫਰੀਕਾ, ਜਿਸ ਨੇ ਇਹ ਕੇਸ ਦਾਇਰ ਕੀਤਾ ਸੀ, ਨੇ ਅਦਾਲਤ ਤੋਂ ਬੇਨਤੀ ਕੀਤੀ ਸੀ ਕਿ ਇਜ਼ਰਾਈਲ ਨੂੰ ਫੌਜੀ ਕਾਰਵਾਈ ਰੋਕਣ ਦਾ ਹੁਕਮ ਦਿੱਤਾ ਜਾਵੇ। ਸਿਖਰਲੀ ਅਦਾਲਤ ਨੇ ਉਸ ਮਾਮਲੇ ਨੂੰ ਖਾਰਜ ਨਹੀਂ ਕੀਤਾ, ਜਿਸ ਵਿਚ ਇਜ਼ਰਾਈਲ ‘ਤੇ ਗਾਜ਼ਾ ‘ਚ ਨਸਲਕੁਸ਼ੀ ਦੇ ਇਲਜ਼ਾਮ ਲਾਏ ਗਏ ਹਨ। ਇਸ ਮਾਮਲੇ ਵਿਚ 17 ਜੱਜਾਂ ਦੀ ਕਮੇਟੀ ਵੱਲੋਂ ਕੌਮਾਂਤਰੀ ਨਿਆਂ ਅਦਾਲਤ (ਆਈ.ਸੀ.ਜੇ.) ‘ਚ ਸੁਣਾਏ ਫੈਸਲੇ ਵਿਚ ਕੇਸ ਨੂੰ ਖਾਰਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਕਮੇਟੀ ਨੇ ਕਿਹਾ ਕਿ ਅਦਾਲਤ ਮਾਨਵੀ ਤ੍ਰਾਸਦੀ ਬਾਰੇ ਪੂਰੀ ਤਰ੍ਹਾਂ ਜਾਣੂ ਹੈ, ਤੇ ਉੱਥੇ ਹੋ ਰਹੇ ਜਾਨ-ਮਾਲ ਦੇ ਨੁਕਸਾਨ ਤੋਂ ਚਿੰਤਤ ਹੈ। ਅਦਾਲਤ ਦਾ ਫੈਸਲਾ ਅੰਤ੍ਰਿਮ ਹੈ, ਤੇ ਵਿਚਾਰ ਲਈ ਪੂਰਾ ਕੇਸ ਲਿਆਉਣ ਵਾਸਤੇ ਦੱਖਣੀ ਅਫਰੀਕਾ ਨੂੰ ਕਈ ਸਾਲਾਂ ਦਾ ਸਮਾਂ ਲੱਗ ਸਕਦਾ ਹੈ। ਦੱਖਣੀ ਅਫਰੀਕਾ ਨੇ ਜੱਜਾਂ ਨੂੰ ਬੇਨਤੀ ਕੀਤੀ ਕਿ ‘ਗੰਭੀਰ ਸਥਿਤੀ’ ਦੇ ਮੱਦੇਨਜ਼ਰ ਗਾਜ਼ਾ ਵਿਚ ਫਲਸਤੀਨੀਆਂ ਨੂੰ ਬਚਾਉਣ ਲਈ ਆਰਜ਼ੀ ਕਦਮ ਚੁੱਕੇ ਜਾਣ। ਉਨ੍ਹਾਂ ਬੇਨਤੀ ਕੀਤੀ ਕਿ ਇਜ਼ਰਾਈਲ ਨੂੰ ਗਾਜ਼ਾ ਵਿਚ ਫ਼ੌਜੀ ਕਾਰਵਾਈ ਤੋਂ ਤੁਰੰਤ ਰੋਕਿਆ ਜਾਵੇ।
ਇਜ਼ਰਾਈਲ ਨੇ ਨਸਲਕੁਸ਼ੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਤੇ ਅਦਾਲਤ ਨੂੰ ਦੋਸ਼ ਖਾਰਜ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਆਪਣੀ ਰਾਖੀ ਲਈ ਉਹ ਸਭ ਕਰੇਗਾ ‘ਜਿਸ ਦੀ ਲੋੜ ਹੈ।’ ਜ਼ਿਕਰਯੋਗ ਹੈ ਕਿ ਫੈਸਲੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਦੇਸ਼ ਦੇ ਚੋਟੀ ਦੇ ਕਾਨੂੰਨੀ, ਰੱਖਿਆ ਤੇ ਕੂਟਨੀਤਕ ਮਾਹਿਰਾਂ ਨਾਲ ਮੀਟਿੰਗ ਕੀਤੀ ਸੀ।