#EUROPE

ਕੌਮਾਂਤਰੀ ਨਿਆਂ ਅਦਾਲਤ ’ਚ ਇਜ਼ਰਾਈਲ ਨੇ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਦੋਸ਼ ਨਕਾਰੇ

* ਕੌਮਾਂਤਰੀ ਨਿਆਂ ਅਦਾਲਤ ’ਚ ਦੱਖਣੀ ਅਫ਼ਰੀਕਾ ਵੱਲੋਂ ਲਾਏ ਦੋਸ਼ਾਂ ਦਾ ਕੀਤਾ ਬਚਾਅ * ਮੁਲਕ ਦੇ ਲੋਕਾਂ ਦੀ ਰੱਖਿਆ ਲਈ ਗਾਜ਼ਾ ’ਤੇ ਕੀਤਾ ਹਮਲਾ: ਇਜ਼ਰਾਈਲ

ਦਿ ਹੇਗ, 13 ਜਨਵਰੀ (ਪੰਜਾਬ ਮੇਲ)- ਫਲਸਤੀਨੀਆਂ ਦੀ ਨਸਲਕੁਸ਼ੀ ਦੇ ਦੋਸ਼ਾਂ ਦਾ ਬਚਾਅ ਕਰਦਿਆਂ ਇਜ਼ਰਾਈਲ ਨੇ ਕੌਮਾਂਤਰੀ ਨਿਆਂ ਅਦਾਲਤ ’ਚ ਦਾਅਵਾ ਕੀਤਾ ਹੈ ਕਿ ਆਪਣੇ ਮੁਲਕ ਦੇ ਲੋਕਾਂ ਦੀ ਰੱਖਿਆ ਲਈ ਉਹ ਗਾਜ਼ਾ ’ਚ ਜੰਗ ਲੜ ਰਿਹਾ ਹੈ। ਇਜ਼ਰਾਈਲ ਨੇ ਦੱਖਣੀ ਅਫ਼ਰੀਕਾ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਸਲਕੁਸ਼ੀ ਲਈ ਹਮਾਸ ਦੋਸ਼ੀ ਹੈ ਜਿਸ ਨੇ 7 ਅਕਤੂਬਰ ਨੂੰ ਉਨ੍ਹਾਂ ਦੇ ਮੁਲਕ ’ਤੇ ਹਮਲਾ ਕੀਤਾ ਸੀ। ਦੱਖਣੀ ਅਫ਼ਰੀਕਾ ਦੇ ਦੋਸ਼ਾਂ ਨੂੰ ਪਾਖੰਡ ਕਰਾਰ ਦਿੰਦਿਆਂ ਇਜ਼ਰਾਈਲ ਨੇ ਕਿਹਾ ਕਿ ਕੌਮਾਂਤਰੀ ਅਦਾਲਤ ’ਚ ਅਜਿਹਾ ਵੱਡਾ ਕੇਸ ਆਉਣ ਤੋਂ ਪਤਾ ਲਗਦਾ ਹੈ ਕਿ ਦੁਨੀਆ ਬਦਲ ਗਈ ਹੈ। ਇਜ਼ਰਾਇਲੀ ਆਗੂਆਂ ਨੇ ਗਾਜ਼ਾ ’ਤੇ ਹਵਾਈ ਅਤੇ ਜ਼ਮੀਨੀ ਹਮਲਿਆਂ ਦਾ ਬਚਾਅ ਕੀਤਾ ਹੈ।
ਇਜ਼ਰਾਇਲੀ ਕਾਨੂੰਨੀ ਸਲਾਹਕਾਰ ਤਲ ਬੈਕਰ ਨੇ ਦਿ ਹੇਗ ਦੇ ਪੈਲੇਸ ਆਫ਼ ਪੀਸ ’ਚ ਨੱਕੋ-ਨੱਕ ਭਰੇ ਹਾਲ ’ਚ ਕਿਹਾ ਕਿ ਉਨ੍ਹਾਂ ਦਾ ਮੁਲਕ ਉਹ ਜੰਗ ਲੜ ਰਿਹਾ ਜਿਸ ਦੀ ਸ਼ੁਰੂਆਤ ਉਸ ਨੇ ਨਹੀਂ ਕੀਤੀ ਅਤੇ ਨਾ ਹੀ ਉਹ ਇਹ ਜੰਗ ਚਾਹੁੰਦਾ ਸੀ। ‘ਅਜਿਹੇ।ਹਾਲਾਤ ਵਿਚ ਇਜ਼ਰਾਈਲ ’ਤੇ ਨਸਲਕੁਸ਼ੀ ਦੇ ਇਲਜ਼ਾਮ ਤੋਂ ਵਧ ਝੂਠਾ ਅਤੇ ਭਿਆਨਕ ਦੋਸ਼ ਸ਼ਾਇਦ ਹੀ ਹੋਰ ਕੋਈ ਹੋ ਸਕਦਾ ਹੈ।’ ਦੱਖਣੀ ਅਫ਼ਰੀਕਾ ਦੇ ਵਕੀਲਾਂ ਨੇ ਵੀਰਵਾਰ ਨੂੰ ਅਦਾਲਤ ਨੂੰ ਕਿਹਾ ਸੀ ਕਿ ਉਹ ਇਜ਼ਰਾਇਲੀ ਫ਼ੌਜ ਨੂੰ ਜੰਗ ਫੌਰੀ ਬੰਦ ਕਰਨ ਦੇ ਹੁਕਮ ਦੇਣ। ਇਸ ਬੇਨਤੀ ਦਾ ਫ਼ੈਸਲਾ ਹੋਣ ’ਚ ਕਈ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ ਅਤੇ ਪੂਰੇ ਕੇਸ ਦੇ ਫ਼ੈਸਲੇ ਨੂੰ ਕਈ ਸਾਲ ਲੱਗਣ ਦੀ ਸੰਭਾਵਨਾ ਹੈ।
ਉਂਜ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਜ਼ਰਾਈਲ ਅਦਾਲਤ ਦੇ ਕਿਸੇ ਹੁਕਮ ਨੂੰ ਮੰਨਦਾ ਹੈ ਜਾਂ ਨਹੀਂ। ਜੇਕਰ ਅਦਾਲਤ ਨੇ ਜੰਗ ਰੋਕਣ ਦੇ ਹੁਕਮ ਦਿੱਤੇ ਅਤੇ ਇਜ਼ਰਾਈਲ ਨੇ ਉਹ ਨਾ ਮੰਨੇ ਤਾਂ ਉਸ ਨੂੰ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਪਾਬੰਦੀਆਂ ਨੂੰ ਅਮਰੀਕਾ ਵੀਟੋ ਕਰ ਸਕਦਾ ਹੈ ਜੋ ਇਜ਼ਰਾਈਲ ਦਾ ਨੇੜਲਾ ਭਾਈਵਾਲ ਹੈ। ਵ੍ਹਾਈਟ ਹਾਊਸ ਨੇ ਵੀ ਇਸ ’ਤੇ ਪ੍ਰਤੀਕਰਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਜੇਕਰ ਅਦਾਲਤ ਇਜ਼ਰਾਈਲ ਨੂੰ ਨਸਲਕੁਸ਼ੀ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ ਤਾਂ ਉਹ ਕਿਹੋ ਜਿਹਾ ਰੁਖ਼ ਅਖ਼ਤਿਆਰ ਕਰੇਗਾ।
ਹਾਲਾਂਕਿ ਕੌਮੀ ਸੁਰੱਖਿਆ ਪਰਿਸ਼ਦ ਦੇ ਤਰਜਮਾਨ ਜੌਹਨ ਕਿਰਬੀ ਨੇ ਦੋਸ਼ਾਂ ਨੂੰ ਨਕਾਰਿਆ ਹੈ।