ਹੰਗਰੀ ਵੱਲੋਂ ਆਈ.ਸੀ.ਸੀ. ‘ਚੋਂ ਬਾਹਰ ਨਿਕਲਣ ਦਾ ਫ਼ੈਸਲਾ
ਬੁਡਾਪੈਸਟ, 5 ਅਪ੍ਰੈਲ (ਪੰਜਾਬ ਮੇਲ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਹੰਗਰੀ ਦੀ ਰਾਜਧਾਨੀ ਪੁੱਜੇ। ਦੁਨੀਆਂ ਦੀ ਸਭ ਤੋਂ ਵੱਡੀ ਕੌਮਾਂਤਰੀ ਅਪਰਾਧ ਅਦਾਲਤ (ਆਈ.ਸੀ.ਸੀ.) ਵੱਲੋਂ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹੋਣ ਦੇ ਬਾਵਜੂਦ ਇੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਨਵੰਬਰ ‘ਚ ਕੌਮਾਂਤਰੀ ਅਪਰਾਧ ਅਦਾਲਤ ਵੱਲੋਂ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤੇ ਜਾਣ ਮਗਰੋਂ ਇਹ ਨੇਤਨਯਾਹੂ ਦੀ ਦੂਜੀ ਵਿਦੇਸ਼ ਯਾਤਰਾ ਹੈ।
ਨੇਤਨਯਾਹੂ ਦੇ ਬੁਡਾਪੈਸਟ ਪਹੁੰਚਣ ‘ਤੇ ਹੰਗਰੀ ਨੇ ਕਿਹਾ ਕਿ ਉਹ ਆਈ.ਸੀ.ਸੀ. ਤੋਂ ਬਾਹਰ ਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਰਿਹਾ ਹੈ। ਪ੍ਰਧਾਨ ਮੰਤਰੀ ਵਿਕਟਰ ਓਰਬਨ ਦੇ ਚੀਫ ਆਫ ਸਟਾਫ ਗੈਰਗੈਲੀ ਗੋਲਿਆਸ ਨੇ ਸੰਖੇਪ ਬਿਆਨ ‘ਚ ਕਿਹਾ, ‘ਹੰਗਰੀ ਕੌਮਾਂਤਰੀ ਅਪਰਾਧ ਅਦਾਲਤ ‘ਚੋਂ ਹਟ ਜਾਵੇਗਾ। ਸਰਕਾਰ ਸੰਵਿਧਾਨ ਤੇ ਕੌਮਾਂਤਰੀ ਕਾਨੂੰਨ ਅਨੁਸਾਰ ਇਸ (ਆਈ.ਸੀ.ਸੀ.) ‘ਚੋਂ ਬਾਹਰ ਨਿਕਲਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ।’
ਉੱਧਰ ਬੁਡਾਪੈਸਟ ਪਹੁੰਚਣ ‘ਤੇ ਨੇਤਨਯਾਹੂ ਦਾ ਪੂਰੇ ਫੌਜੀ ਸਨਮਾਨ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹੰਗਰੀ ਦੇ ਪ੍ਰਧਾਨ ਮੰਤਰੀ ਓਰਬਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਮੀਟਿਗ ਕਰਕੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਵੀ ਕੀਤੀ। ਆਉਂਦੇ ਐਤਵਾਰ ਨੂੰ ਰਵਾਨਾ ਹੋਣ ਤੋਂ ਪਹਿਲਾਂ ਨੇਤਨਯਾਹੂ ਕਈ ਦਿਨ ਹੰਗਰੀ ‘ਚ ਬਿਤਾਉਣਗੇ। ਉੱਧਰ ਨੈਦਰਲੈਂਡਜ਼ ਦੇ ਹੇਗ ਸਥਿਤ ਆਈ.ਸੀ.ਸੀ. ਨੇ ਕਿਹਾ ਕਿ ਇਹ ਮੰਨਣ ਦੇ ਢੁੱਕਵੇਂ ਕਾਰਨ ਹਨ ਕਿ ਨੇਤਨਯਾਹੂ ਤੇ ਸਾਬਕਾ ਇਜ਼ਰਾਇਲੀ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਗਾਜ਼ਾ ਪੱਟੀ ਤੱਕ ਮਨੁੱਖੀ ਸਹਾਇਤਾ ਨੂੰ ਰੋਕ ਕੇ ‘ਭੁੱਖਮਰੀ ਨੂੰ ਜੰਗ ਦੇ ਹਥਿਆਰ ਵਜੋਂ’ ਵਰਤਿਆ ਹੈ ਅਤੇ ਹਮਾਸ ਖ਼ਿਲਾਫ਼ ਇਜ਼ਰਾਈਲ ਦੀ ਮੁਹਿੰਮ ‘ਚ ਜਾਣਬੁੱਝ ਕੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਇਲੀ ਅਧਿਕਾਰੀਆਂ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਕੌਮਾਂਤਰੀ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਨੇਤਨਯਾਹੂ ਬੁਡਾਪੈਸਟ ਪੁੱਜੇ
