#PUNJAB

ਕੋਟਕਪੂਰਾ ਗੋਲੀ ਕਾਂਡ: ਅਦਾਲਤ ਵੱਲੋਂ ਸਿੱਖ ਪ੍ਰਚਾਰਕਾਂ ਖ਼ਿਲਾਫ਼ ਦਿੱਤੀਆਂ ਅਰਜ਼ੀਆਂ ਖਾਰਜ

ਫ਼ਰੀਦਕੋਟ, 8 ਨਵੰਬਰ (ਪੰਜਾਬ ਮੇਲ)- ਇੱਥੇ ਇਲਾਕਾ ਮੈਜਿਸਟਰੇਟ ਅਜੈਪਾਲ ਸਿੰਘ ਦੀ ਅਦਾਲਤ ਵਿਚ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਦਾਲਤ ਵਿਚ ਹਾਜ਼ਰ ਸਨ। ਅਦਾਲਤ ਨੇ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀਆਂ ਉਹ ਸਾਰੀਆਂ ਛੇ ਅਰਜ਼ੀਆਂ ਖਾਰਜ ਕਰ ਦਿੱਤੀਆਂ, ਜਿਨ੍ਹਾਂ ਵਿਚ 14 ਸਿੱਖ ਪ੍ਰਚਾਰਕਾਂ ਉੱਪਰ ਪੁਲਿਸ ‘ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਤਹਤਿ ਥਾਣਾ ਸਿਟੀ ਕੋਟਕਪੂਰਾ ਵਿਚ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਅਰਜ਼ੀਆਂ ਵਿਚ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਧਰਨੇ ‘ਤੇ ਬੈਠੇ ਪ੍ਰਚਾਰਕਾਂ ਅਤੇ ਸਿੱਖ ਸੰਗਤ ਨੇ ਪੁਲਿਸ ਪਾਰਟੀ ‘ਤੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ ਸੀ, ਇਸ ਲਈ ਸਿੱਖ ਪ੍ਰਚਾਰਕਾਂ ਅਤੇ ਧਰਨਾ ਦੇ ਰਹੀ ਸੰਗਤ ‘ਤੇ ਵੀ ਕੇਸ ਚੱਲਣਾ ਚਾਹੀਦਾ ਹੈ। ਅਦਾਲਤ ਨੇ ਪੁਲਿਸ ਅਧਿਕਾਰੀਆਂ ਦੀ ਅਰਜ਼ੀ ਖਾਰਜ ਕਰਦਿਆਂ ਕਿਹਾ ਕਿ ਜਿਹੜੇ ਪੁਲਿਸ ਅਧਿਕਾਰੀ ਸਿੱਖ ਪ੍ਰਚਾਰਕਾਂ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਅਰਜ਼ੀ ਦੇ ਰਹੇ ਹਨ, ਉਹੀ ਪੁਲਿਸ ਅਧਿਕਾਰੀ ਪਹਿਲਾਂ ਅਦਾਲਤ ਵਿਚ ਲਿਖ ਕੇ ਦੇ ਚੁੱਕੇ ਹਨ ਕਿ ਸਿੱਖ ਪ੍ਰਚਾਰਕਾਂ ਨੇ ਪੁਲਿਸ ‘ਤੇ ਕੋਈ ਹਮਲਾ ਨਹੀਂ ਕੀਤਾ।
ਜਾਂਚ ਟੀਮ ਨੇ ਕਿਹਾ ਕਿ ਦਸ ਵਿਅਕਤੀਆਂ ਦੀ ਸ਼ਨਾਖਤ ਨਹੀਂ ਹੋ ਸਕੀ, ਜਿਹੜੇ ਕਿ ਭੇਸ ਬਦਲ ਕੇ ਸਿੱਖ ਸੰਗਤ ਵਿਚ ਬੈਠੇ ਸਨ। ਜਾਂਚ ਟੀਮ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਆਪਣੇ ਉੱਪਰ ਹਮਲਾ ਹੋਣ ਦੀ ਮਨਘੜਤ ਕਹਾਣੀ ਬਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਸੁਣਵਾਈ ਲਈ ਸੈਸ਼ਨ ਅਦਾਲਤ ਵਿਚ ਭੇਜ ਦਿੱਤਾ ਹੈ ਅਤੇ ਮੁਲਜ਼ਮਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ 21 ਨਵੰਬਰ ਨੂੰ ਅਦਾਲਤ ਵਿਚ ਨਿੱਜੀ ਤੌਰ ‘ਤੇ ਪੇਸ਼ ਹੋਣ। ਅਦਾਲਤ ਦੇ ਇਸ ਹੁਕਮ ਨਾਲ ਕੋਟਕਪੂਰਾ ਤੇ ਬਹਬਿਲ ਗੋਲੀ ਕਾਂਡ ਮਾਮਲੇ ਦੀ ਸੁਣਵਾਈ ਬਾਕਾਇਦਾ ਤੌਰ ‘ਤੇ ਸ਼ੁਰੂ ਹੋ ਜਾਵੇਗੀ। ਮਾਮਲੇ ਦੀ ਸੁਣਵਾਈ ਦੌਰਾਨ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾ ਨੰਗਲ, ਅਮਰ ਸਿੰਘ ਚਾਹਲ, ਸੁਖਮਿੰਦਰ ਸਿੰਘ ਮਾਨ ਅਤੇ ਚਰਨਜੀਤ ਸ਼ਰਮਾ ਅਦਾਲਤ ਵਿਚ ਪੇਸ਼ ਨਹੀਂ ਹੋਏ।