#AMERICA

ਕੈਲੀਫੋਰਨੀਆ ਵਿਚ 2 ਭਾਰਤੀ ਵਿਦਿਆਰਥੀਆਂ ਉਪਰ ਹਮਲਾ, ਸ਼ੱਕੀ ਦੋਸ਼ੀ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ, 23 ਨਵੰਬਰ (ਹੁਸਨ ਲੜੋਆ ਬੰਗਾ/ ਪੰਜਾਬ ਮੇਲ)- ਕੈਲੀਫੋਰਨੀਆ ਦੀ ਫਰੀਮਾਂਟ ਹੱਬ ਨੇੜੇ ਅਮਰੀਕਾ ਵਿਚ ਇੰਜੀਨੀਅਰਿੰਗ ਦੀ ਪੜਾਈ ਕਰ ਰਹੇ 2 ਭਾਰਤੀ ਵਿਦਿਆਰਥੀਆਂ ਉਪਰ ਚਾਕੂ ਨਾਲ ਹਮਲਾ ਕਰਨ ਦੀ ਖਬਰ ਹੈ। ਹਮਲੇ ਦੀ ਘਟਨਾ ਬੀਤੇ ਦਿਨ ਸ਼ਾਮ 4.30 ਵਜੇ ਦੇ ਆਸਪਾਸ ਵਾਪਰੀ । ਇਸ ਦੇ ਕੁਝ ਸਮੇ ਬਾਅਦ ਤੁਰੰਤ ਕਾਰਵਾਈ ਕਰਕੇ ਫਰੀਮਾਂਟ ਦੀ ਪੁਲਿਸ ਨੇ ਸ਼ੱਕੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਜਿਸ ਦੀ ਪਛਾਣ ਮਿਗੂਏਲ ਐਂਜਲ ਵਿਲਰੀਅਲ ਵਜੋਂ ਹੋਈ ਹੈ ਜੋ ਫਰੀਮਾਂਟ ਦਾ ਹੀ ਵਸਨੀਕ ਹੈ। ਉਸ ਵਿਰੁੱਧ ਪਹਿਲਾ ਦਰਜਾ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ ਹਨ ਤੇ ਉਸ ਨੂੰ ਸਾਂਟਾ ਰੀਟਾ ਜੇਲ ਵਿਚ ਰਖਿਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਕੁਝ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸ਼ੱਕੀ ਦੋਸ਼ੀ ਨੂੰ ਬਿਨਾਂ ਕਿਸੇ ਘਟਨਾ ਦੇ ਗ੍ਰਿਫਤਾਰ ਕਰ ਲਿਆ। ਘਟਨਾ ਦੀ ਜਾਂਚ ਪੁਲਿਸ ਵਿਭਾਗ ਦੀ ਅਪਰਾਧ ਸ਼ਾਖਾ ਕਰ ਰਹੀ ਹੈ। ਪੀੜਤ ਵਿਦਿਆਰਥੀਆਂ ਵਿਚ ਸਈਦ ਸ਼ਾਦਨ ਅਲ ਹੱਕ ਤੇ ਖਾਲਿਦ ਬਿਨ ਮਾਸੂਦ ਯਫਾਈ ਸ਼ਾਮਿਲ ਹਨ। ਇਹ ਦੋਨੋਂ ਤੇਲੰਗਾਨਾ ਰਾਜ ਦੀ ਰਾਜਧਾਨੀ ਹੈਦਰਾਬਾਦ ਦੇ ਰਹਿਣ ਵਾਲੇ ਹਨ। ਜਿਸ ਸਮੇ ਯਫਾਈ ਤੇ ਹੱਕ ਉਪਰ ਹਮਲਾ ਹੋਇਆ ਉਸ ਸਮੇ ਤੀਸਰਾ ਭਾਰਤੀ ਵਿਦਿਆਰਥੀ ਮੁਹੰਮਦ ਅਬਦੁਲ ਬਸਰ ਸੂਫੀਯਾਨ ਨਾਲ ਲੱਗਦੇ ਸਟੋਰ ਵਿਚੋਂ ਕੋਲਡ ਡਰਿੰਕਸ ਖਰੀਦਣ ਗਿਆ ਹੋਇਆ ਸੀ। ਸੂਫੀਆਨ ਨੇ ਹੀ ਹਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ । ਦੋਨਾਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਯਫਾਈ ਦੇ ਜਿਗਰ ਦੇ ਕੋਲ ਡੂੰਘਾ ਜ਼ਖਮ ਹੈ ਉਸ ਦੀਆਂ ਦੋ ਸਰਜਰੀਆਂ ਹੋ ਚੁੱਕੀਆਂ ਹਨ। ਉਹ ਅਜੇ ਹਸਪਤਾਲ ਵਿਚ ਹੀ ਹੈ।
ਅਮਰੀਕਾ ਦੇ ਓਹੀਓ ਰਾਜ ਵਿਚ ਹੋਈ ਗੋਲੀਬਾਰੀ ਵਿੱਚ 3 ਔਰਤਾਂ ਸਮੇਤ 4 ਜ਼ਖਮੀ, ਸ਼ੱਕੀ ਹਮਲਾਵਰ ਦੀ ਖੁਦ ਵੱਲੋਂ ਮਾਰੀ ਗੋਲੀ ਨਾਲ ਹੋਈ ਮੌਤ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਓਹੀਓ ਰਾਜ ਵਿਚ ਡੇਅਟਨ ਨੇੜੇ ਇਕ ਵਾਲਮਾਰਟ ਸਟੋਰ ਵਿਚ ਇਕ ਸ਼ੂੱਟਰ ਵੱਲੋਂ ਗੋਲੀਬਾਰੀ ਕਰਕੇ 4 ਵਿਅਕਤੀਆਂ ਨੂੰ ਜ਼ਖਮੀ ਕਰ ਦੇਣ ਤੇ ਬਾਅਦ ਵਿਚ ਖੁਦ ਨੂੰ ਵੀ ਗੋਲੀ ਮਾਰ ਲੈਣ ਦੀ ਖਬਰ ਹੈ ਜਿਸ ਕਾਰਨ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਬੀਵਰਕਰੀਕ ਪੁਲਿਸ ਵਿਭਾਗ ਦੇ ਕਾਰਜਕਾਰੀ ਮੁੱਖੀ ਕੈਪਟਨ ਚਾਡ ਲਿੰਡਸੇ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਦੋਸ਼ੀ ਦੀ ਪਛਾਣ ਬੈਂਜਾਮਿਨ ਚਾਰਲਸ ਜੋਨਸ (20) ਵਜੋਂ ਹੋਈ ਹੈ ਜੋ ਡੇਅਟਨ ਦਾ ਹੀ ਰਹਿਣ ਵਾਲਾ ਸੀ। ਪੁਲਿਸ ਮੁੱਖੀ ਅਨੁਸਾਰ ਜੋਨਸ ਨੇ ਡੇਅਟਨ ਤੋਂ ਤਕਰੀਬਨ 10 ਮੀਲ ਦੂਰ ਬੀਵਰਕਰੀਕ ਦੇ ਇਕ ਸਟੋਰ ਵਿਚ ਦਾਖਲ ਹੋ ਕੇ ਗੋਲੀਆਂ ਚਲਾ ਕੇ 4 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਤੇ ਇਸ ਉਪਰੰਤ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਵਿਚ ਮੌਕੇ ‘ਤੇ ਪੁੱਜੇ ਕਿਸੇ ਵੀ ਪੁਲਿਸ ਅਫਸਰ ਨੇ ਗੋਲੀ ਨਹੀਂ ਚਲਾਈ। ਜ਼ਖਮੀਆਂ ਵਿਚ 3 ਔਰਤਾਂ ਤੇ 1 ਵਿਅਕਤੀ ਸ਼ਾਮਿਲ ਹੈ ਜਿਨਾਂ ਵਿਚੋਂ ਇਕ ਦੀ ਹਾਲਤ ਨਾਜ਼ਕ ਹੈ।
ਕੈਪਸ਼ਨ ਗੋਲੀਬਾਰੀ ਉਪਰੰਤ ਮੌਕੇ ‘ਤੇ ਪੁੱਜੀ ਪੁਲਿਸ