#AMERICA

ਕੈਲੀਫੋਰਨੀਆ-ਨੇਵਾਡਾ ਬਾਰਡਰ ਨੇੜੇ ਹੈਲੀਕਾਪਟਰ ਤਬਾਹ, ਪਾਇਲਟ ਸਮੇਤ 6 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਸੈਕਰਾਮੈਂਟੋ, 13 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ-ਨੇਵਾਡਾ ਬਾਰਡਰ ਨੇੜੇ ਮੋਜਵ ਜੰਗਲੀ ਖੇਤਰ ਵਿਚ ਇਕ ਹੈਲੀਕਾਪਟਰ ਤਬਾਹ ਹੋ ਜਾਣ ਦੀ ਖਬਰ ਹੈ, ਜਿਸ ਵਿਚ ਸਵਾਰ ਪਾਇਲਟ ਸਮੇਤ ਸਾਰੇ 6 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹੈਲੀਕਾਪਟਰ ਨੇ ਪਾਲਮ ਸਪਰਿੰਗਜ ਏਅਰਪੋਰਟ ਤੋਂ ਸ਼ਾਮ 8.45 ਵਜੇ ਬੋਲਡਰ ਸਿਟੀ, ਨੇਵਾਡਾ ਲਈ ਉਡਾਨ ਭਰੀ ਸੀ ਪਰੰਤੂ ਉਡਾਨ ਦੌਰਾਨ ਹੀ ਪੇਸ਼ ਆਏ ਹਾਦਸੇ ਉਪਰੰਤ ਹੈਲੀਕਾਪਟਰ ਜੰਗਲੀ ਖੇਤਰ ਵਿਚ ਜਾ ਡਿੱਗਾ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ (ਐੱਫ.ਏ.ਏ.) ਨੇ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਸਾਨ ਬਰਨਾਰਡੀਨੋ ਕਾਊਂਟੀ ਸ਼ੈਰਿਫ ਵਿਭਾਗ ਅਨੁਸਾਰ ਹੈਲੀਕਾਪਟਰ ‘ਚ ਸਵਾਰ ਕੋਈ ਵੀ ਵਿਅਕਤੀ ਬਚ ਨਹੀਂ ਸਕਿਆ ਹੈ। ਸ਼ੈਰਿਫ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਹੈਲੀਕਾਪਟਰ ਵਿਚ ਕਿੰਨੇ ਵਿਅਕਤੀ ਸਵਾਰ ਸਨ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਐੱਫ.ਏ.ਏ. ਅਨੁਸਾਰ ਹੈਲੀਕਾਪਟਰ ਨਿਪਟਨ, ਕੈਲੀਫੋਰਨੀਆ ਨੇੜੇ ਰਾਤ 10 ਵਜੇ ਦੇ ਆਸ-ਪਾਸ ਤਬਾਹ ਹੋਇਆ ਹੈ। ਇਸ ਹਾਦਸੇ ਦੀ ਜਾਂਚ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕੀਤੀ ਜਾਵੇਗੀ।