#AMERICA

ਕੈਲੀਫੋਰਨੀਆ ਦੇ ਸਕੂਲ ‘ਚ ਹੋਈ ਗੋਲੀਬਾਰੀ ਵਿਚ ਜ਼ਖਮੀ ਹੋਏ 2 ਵਿਦਿਆਰਥੀਆਂ ਦੀ ਹਾਲਤ ਗੰਭੀਰ

ਸੈਕਰਾਮੈਂਟੋ, 10 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ‘ਚ ਸੈਕਰਾਮੈਂਟੋ ਦੇ ਉੱਤਰ ਵਿਚ ਸਥਿਤ ਇਕ ਛੋਟੇ ਜਿਹੇ ਕ੍ਰਿਸਚੀਅਨ ਸਕੂਲ ਵਿਚ ਬੀਤੇ ਦਿਨੀਂ ਹੋਈ ਗੋਲੀਬਾਰੀ ‘ਚ ਜ਼ਖਮੀ ਹੋਏ 2 ਵਿਦਿਆਰਥੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੂਟ ਕਾਊਂਟੀ ਸ਼ੈਰਿਫ ਕੋਰੀ ਹੋਨੀਆ ਨੇ ਜਾਰੀ ਇਕ ਬਿਆਨ ‘ਚ ਕਿਹਾ ਹੈ ਕਿ ਗੋਲੀਬਾਰੀ ਵਿਚ ਜ਼ਖਮੀ ਹੋਇਆ 6 ਸਾਲ ਦਾ ਰੋਮਨ ਮੈਂਡੇਜ਼ ਤੇ 5 ਸਾਲ ਦਾ ਏਲਿਆਸ ਵੋਲਫੋਰਡ ਸਥਾਨਕ ਹਸਪਤਾਲ ਵਿਚ ਦਾਖਲ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ ਪਰ ਗੰਭੀਰ ਹੈ। ਮੈਂਡੇਜ਼ ਦੇ ਦੋ ਗੋਲੀਆਂ ਵੱਜੀਆਂ ਹਨ, ਜਦਕਿ ਵੋਲਫੋਰਡ ਦੇ ਢਿੱਡ ਵਿਚ ਗੋਲੀ ਵੱਜੀ ਹੈ। ਸ਼ੈਰਿਫ ਅਨੁਸਾਰ ਬੱਚਿਆਂ ਦੇ ਅੰਦਰੂਨੀ ਜ਼ਖਮ ਹਨ ਤੇ ਅਜੇ ਉਨ੍ਹਾਂ ਦੀਆਂ ਕਈ ਸਰਜਰੀਆਂ ਹੋਣੀਆਂ ਹਨ। ਪੁਲਿਸ ਨੇ ਸ਼ੱਕੀ ਦੋਸ਼ੀ ਦੀ ਪਛਾਣ 56 ਸਾਲਾ ਗਲੈਨ ਲਿਟਨ ਵਜੋਂ ਕੀਤੀ ਹੈ, ਜੋ ਮੌਕੇ ਉਪਰ ਹੀ ਮ੍ਰਿਤਕ ਹਾਲਤ ਵਿਚ ਮਿਲਿਆ ਸੀ। ਸਮਝਿਆ ਜਾਂਦਾ ਹੈ ਕਿ ਗੋਲੀਬਾਰੀ ਉਪਰੰਤ ਉਸ ਨੇ ਖੁਦਕੁਸ਼ੀ ਕੀਤੀ ਹੈ। ਮਾਮਲੇ ਦੀ ਜਾਂਚ ਵਿਚ ਪੁਲਿਸ ਦੀ ਐੱਫ.ਬੀ.ਆਈ. ਸਹਾਇਤਾ ਕਰ ਰਹੀ ਹੈ। ਉੱਤਰੀ ਕੈਲੀਫੋਰਨੀਆ ਦੇ ਫੀਦਰ ਰਿਵਰ ਐਡਵੈਂਟਿਸਟ ਸਕੂਲ ਓਰੋਵਿਲੇ ਵਿਚ ਵਾਪਰੀ ਗੋਲੀਬਾਰੀ ਦੀ ਇਸ ਤਾਜ਼ਾ ਘਟਨਾ ਨੇ ਇਕ ਵਾਰ ਫਿਰ ਵਧ ਰਹੀ ਗੰਨ ਹਿੰਸਾ ਬਾਰੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।