#AMERICA

ਕੈਲੀਫੋਰਨੀਆ ਦੀ ਅਦਾਲਤ ਵਿਚ ਬਰੂਦ ਨਾਲ ਭਰਿਆ ਬੈਗ ਸੁੱਟਣ ‘ਤੇ ਹੋਏ ਧਮਾਕੇ ਵਿਚ ਕਈ ਲੋਕ ਜ਼ਖਮੀ

ਸੈਕਰਾਮੈਂਟੋ,ਕੈਲੀਫੋਰਨੀਆ, 27 ਸਤੰਬਰ  (ਹੁਸਨ ਲੜੋਆ ਬੰਗਾ/(ਪੰਜਾਬ ਮੇਲ)-  ਹਥਿਆਰਾਂ ਨਾਲ ਸਬੰਧਤ ਮਾਮਲੇ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਵਿਅਕਤੀ ਵੱਲੋਂ ਆਪਣੀ ਪੇਸ਼ੀ ਸਮੇ ਕੈਲੀਫੋਰਨੀਆ ਕੋਰਟਹਾਊਸ ਵਿਚ ਬਰੂਦ ਨਾਲ ਭਰਿਆ ਬੈਗ ਸੁੱਟਣ ਕਾਰਨ ਹੋਏ ਧਮਾਕੇ ਵਿਚ ਕਈ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਅਧਿਕਾਰੀਆਂ ਅਨੁਸਾਰ ਸਾਂਤਾ ਮਾਰੀਆ ਦੀ ਕੋਰਟ ਹਾਊਸ ਵਿਚ ਵਾਪਰੀ ਇਹ ਘਟਨਾ ਆਪਣੀ ਕਿਸਮ ਦੀ ਹੈ। ਪੁਲਿਸ ਕੋਲ ਸ਼ੱਕੀ ਵਿਅਕਤੀ ਦੇ ਅਤਿਵਾਦੀਆਂ ਨਾਲ ਸਬੰਧਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰੰਤੂ ਮਾਮਲੇ ਦੀ ਜਾਂਚ ਯੂ ਐਸ ਅਟਰਾਨੀ ਦੇ ਦਫਤਰ ਦੇ ਸਹਿਯੋਗ ਨਾਲ ਐਫ ਬੀ ਆਈ ਕਰ ਰਹੀ ਹੈ। ਸਾਂਤਾ ਬਰਬਰਾ ਕਾਊਂਟੀ ਸ਼ੈਰਿਫ ਦੇ ਡਿਪਟੀ ਤੇ ਕੈਲੀਫੋਰਨੀਆ ਹਾਈ ਵੇਅ ਗਸ਼ਤੀ ਦਲ ਦੇ ਅਫਸਰ ਕਰੈਗ ਬੋਨਰ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਧਮਾਕੇ ਦੇ ਬਾਅਦ ਸਕਿਉਰਿਟੀ ਗਾਰਡ ਦੁਆਰਾ ਸ਼ੱਕੀ ਨੂੰ ਕਾਬੂ ਕਰ ਲਿਆ ਗਿਆ ਜਿਸ ਦੀ ਪਛਾਣ ਨਥਾਨੀਅਲ ਮੈਕਗੁਰੀ ਵਜੋਂ ਹੋਈ ਹੈ। ਉਸ ਨੂੰ ਹੱਤਿਆ ਦੀ ਕੋਸ਼ਿਸ਼ ਤੇ ਹੱਤਿਆ ਲਈ ਬਰੂਦ ਵਰਤਣ ਤੇ ਬਰੂਦ ਰਖਣ ਸਮੇਤ ਕਈ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਵਿਚ ਕੁਲ 6 ਵਿਅਕਤੀ ਜਖਮੀ ਹੋਏ ਹਨ ਜਿਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਕੈਪਸ਼ਨ ਕੋਰਟਹਾਊਸ ਨੇੜੇ ਤਾਇਨਾਤ ਪੁਲਿਸ