#AMERICA

ਕੈਲੀਫੋਰਨੀਆ ‘ਚ 3 ਬੇਘਰਿਆਂ ਸਮੇਤ 4 ਵਿਅਕਤੀਆਂ ਦੀ ਹੱਤਿਆ ਕਰਨ ਦੇ ਮਾਮਲੇ ‘ਚ ਸ਼ੱਕੀ ਦੋਸ਼ੀ ਵਿਰੁੱਧ ਦੋਸ਼ ਆਇਦ

– ਅਦਾਲਤ ਨੇ ਜ਼ਮਾਨਤ ਤੋਂ ਕੀਤਾ ਇਨਕਾਰ
ਸੈਕਰਾਮੈਂਟੋ, 6 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਹਫਤੇ ਕੈਲੀਫੋਰਨੀਆ ਦੇ ਵੱਡੇ ਸ਼ਹਿਰ ਲਾਸ ਏਂਜਲਸ ਵਿਚ ਸੁੱਤੇ ਪਏ 3 ਬੇਘਰੇ ਵਿਅਕਤੀਆਂ ਦੀ ਹੱਤਿਆ ਤੇ ਸੈਨ ਡਿਮਸ ਖੇਤਰ ਵਿਚ ਇਕ ਘਰ ‘ਚ ਲੁੱਟਮਾਰ ਦੌਰਾਨ ਇਕ ਹੋਰ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ ‘ਚ ਸ਼ੱਕੀ ਦੋਸ਼ੀ ਜੈਰਿਡ ਜੋਸਫ ਪਾਵਲ (33) ਵਿਰੁੱਧ ਹੋਰ ਦੋਸ਼ਾਂ ਤੋਂ ਇਲਾਵਾ 4 ਹੱਤਿਆਵਾਂ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਲਾਸ ਏਂਜਲਸ ਕਾਊਂਟੀ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕੋਨ ਨੇ ਇਹ ਜਾਣਕਾਰੀ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਦਾਇਰ ਅਪਰਾਧਕ ਸ਼ਿਕਾਇਤ ਅਨੁਸਾਰ ਪਾਵਲ ਵਿਰੁੱਧ 4 ਹੱਤਿਆਵਾਂ ਕਰਨ, ਘਰ ਵਿਚ ਲੁੱਟਮਾਰ ਦੌਰਾਨ ਹੱਤਿਆ ਕਰਨ ਤੇ ਹੱਥਿਆਰ ਰੱਖਣ ਦੋ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਮੁਖੀ ਮੀਸ਼ੈਲ ਮੂਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪਾਵਲ ਨੂੰ ਪਿਛਲੇ ਹਫਤੇ ਸੈਨ ਡਿਮਸ ਖੇਤਰ ਵਿਚ ਲੁੱਟਮਾਰ ਦੌਰਾਨ ਗੋਲੀ ਚਲਾ ਕੇ ਇਕ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਜਾਂਚਕਾਰਾਂ ਨੇ ਨਿਗਰਾਨ ਤਕਨੀਕ ਦੀ ਵਰਤੋਂ ਦੁਆਰਾ ਉਸ ਨੂੰ ਉਸੇ ਹਫਤੇ ਲਾਸ ਏਂਜਲਸ ਵਿਚ 3 ਬੇਘਰੇ ਵਿਅਕਤੀਆਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਵੀ ਦੋਸ਼ੀ ਪਾਇਆ। ਜਾਂਚਕਾਰਾਂ ਨੇ ਇਕ ਗੰਨ ਵੀ ਬਰਾਮਦ ਕੀਤੀ ਹੈ ਤੇ ਪੁਲਿਸ ਦਾ ਵਿਸ਼ਵਾਸ ਹੈ ਕਿ ਇਸ ਗੰਨ ਦੀ ਵਰਤੋਂ ਲੁੱਟਮਾਰ ਦੌਰਾਨ ਕੀਤੀ ਗਈ ਹੈ। ਪਾਵਲ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਜੱਜ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਤੇ ਅਗਲੀ ਸੁਣਵਾਈ ਅਗਲੇ ਸਾਲ 8 ਜਨਵਰੀ ਨੂੰ ਹੋਵੇਗੀ।