ਨਿਊਯਾਰਕ, 15 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਉਸ ਨਾਲ ਮਜ਼ਾਕ ਕਰਨ ਵਾਲੇ ਅੱਲੜ੍ਹ ਉਮਰ 3 ਤਿੰਨ ਮੁੰਡਿਆਂ ਦਾ ਕਤਲ ਕਰਨ ਦੇ ਦੋਸ਼ ‘ਚ ਅਦਾਲਤ ਨੇ ਬੀਤੇ ਦਿਨੀਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਮੁੰਡਿਆਂ ਦੀ ਉਮਰ 13, 14 ਅਤੇ 18 ਸਾਲ ਦੇ ਕਰੀਬ ਸੀ। ਰਿਵਰਸਾਈਡ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਦੇ ਅਨੁਸਾਰ, ਭਾਰਤੀ ਮੂਲ ਦੇ 45 ਸਾਲਾ ਅਨੁਰਾਗ ਚੰਦਰ ਨੂੰ ਇੱਕ ਜਿਊਰੀ ਵੱਲੋਂ ਪਹਿਲੀ-ਡਿਗਰੀ ਦੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ 3 ਮਾਮਲਿਆਂ ਵਿਚ ਅਦਾਲਤ ਨੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸ਼ਜਾ ਸੁਣਾਈ ਹੈ।
ਇੱਥੇ ਦੱਸ ਦੇਈਏ ਕਿ ਇਹ ਘਟਨਾ 19 ਜਨਵਰੀ, 2020 ਨੂੰ ਵਾਪਰੀ ਸੀ, ਜਦੋਂ 6 ਮੁੰਡਿਆਂ ਦੇ ਇੱਕ ਸਮੂਹ ਨੇ ਮਜ਼ਾਕ ਕਰਦੇ ਹੋਏ ਚੰਦਰ ਦੇ ਘਰ ਦੀ ਘੰਟੀ ਵਜਾਈ ਸੀ। ਚੰਦਰ ਨੇ ਦੱਸਿਆ ਕਿ ਘੰਟੀ ਵਜਾ ਕੇ ਕਾਰ ਵਿਚ ਭੱਜਣ ਤੋਂ ਪਹਿਲਾਂ ਇਕ ਮੁੰਡੇ ਨੇ ਉਸ ਦਾ ਮਜ਼ਾਕ ਉਡਾਇਆ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਕਾਰ ਸ਼ਰਾਰਤੀ ਮੁੰਡਿਆਂ ਦੇ ਪਿੱਛੇ ਲਾ ਲਈ ਅਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਸੜਕ ਤੋਂ ਇਕ ਪਾਸੇ ਡੇਗ ਦਿੱਤਾ, ਜਿਸ ਨਾਲ 3 ਮੁੰਡਿਆਂ ਦੀ ਮੌਤ ਹੋ ਗਈ, ਜਦੋਂਕਿ 3 ਬੱਚ ਗਏ। ਇਸ ਹਾਦਸੇ ਮਗਰੋਂ ਪੁਲਿਸ ਇਸ ਲਈ ਜ਼ਿੰਮੇਵਾਰ ਵਿਅਕਤੀ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਇਕ ਰਿਹਾਇਸ਼ ਨੇੜੇ ਇਕ ਨੁਕਸਾਨੀ ਗਈ ਕਾਰ ਖੜ੍ਹੀ ਮਿਲੀ, ਜਿਸ ਤੋਂ ਬਾਅਦ ਭਾਰਤੀ ਮੂਲ ਦੇ ਅਨੁਰਾਗ ਚੰਦਰ ਨੂੰ ਗ੍ਰਿਫ਼ਤਾਰ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਅਨੁਰਾਗ ਚੰਦਰ ਇਸ ਹਾਦਸੇ ਨੂੰ ਅੰਜਾਮ ਦੇਣ ਮਗਰੋਂ ਆਪਣੇ ਘਰ ਵਾਪਸ ਆ ਗਿਆ ਸੀ। ਉਥੇ ਹੀ ਚੰਦਰ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਕਾਰ ਨੂੰ ਪਿੱਛੇ ਤੋਂ ਟੱਕਰ ਮਾਰਨ ਤੋਂ ਬਾਅਦ ਉਹ ਇਸ ਲਈ ਨਹੀਂ ਰੁਕਿਆ ਸੀ, ਕਿਉਂਕਿ ਉਸ ਨੂੰ ਲੱਗਾ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ। ਇਸ ਮਗਰੋਂ ਅਦਾਲਤ ‘ਚ ਪੇਸ਼ੀ ਦੌਰਾਨ ਚੰਦਰਾ ਨੇ ਮੰਨਿਆ ਸੀ ਕਿ ਉਸਨੇ ਮੁੰਡਿਆਂ ਦੀ ਕਾਰ ਦਾ ਪਿੱਛਾ ਕੀਤਾ ਸੀ। ਉਸਨੇ ਕਿਹਾ ਕਿ ਉਹ ਮਜ਼ਾਕ ਤੋਂ ”ਬਹੁਤ ਪਰੇਸ਼ਾਨ” ਸੀ ਅਤੇ ਦਾਅਵਾ ਕੀਤਾ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ ਅਤੇ ਉਹ ਆਪਣੇ ਗੁੱਸੇ ਨੂੰ ਕਾਬੂ ਨਹੀਂ ਕਰ ਸਕਿਆ। ਚੰਦਰਾ ਨੇ ਅਦਾਲਤ ਵਿਚ ਇਹ ਵੀ ਗਵਾਹੀ ਦਿੱਤੀ ਕਿ ਉਸ ਨੇ ਇਸ ਹਾਦਸੇ ਤੋਂ ਕੁਝ ਘੰਟੇ ਪਹਿਲਾਂ 12 ਬੋਤਲਾਂ ਬੀਅਰ ਪੀਤੀ ਸੀ। ਪੀੜਤਾਂ ਵਿਚੋਂ ਇੱਕ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਮੁੰਡੇ ਉਸ ਰਾਤ ਜਨਮਦਿਨ ਮਨਾ ਰਹੇ ਸਨ।