#AMERICA

ਕੈਲੀਫੋਰਨੀਆ ‘ਚ ਫਲਸਤੀਨ ਪੱਖੀ ਰੈਲੀ ਦੌਰਾਨ ਹੋਏ ਝਗੜੇ ਵਿਚ ਯਹੂਦੀ ਵਿਅਕਤੀ ਦੀ ਮੌਤ

-ਸ਼ੱਕੀ ਨੂੰ ਫੜ ਕੇ ਛੱਡਿਆ, ਮਾਮਲਾ ਜਾਂਚ ਅਧੀਨ
ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਲੀਫੋਰਨੀਆ ‘ਚ ਹੋਈ ਰੈਲੀ ਦੌਰਾਨ ਇਕ ਫਲਸਤੀਨੀਅਨ ਪੱਖੀ ਪ੍ਰਦਰਸ਼ਨਕਾਰੀ ਨਾਲ ਤਕਰਾਰ ਉਪਰੰਤ ਹੋਏ ਝਗੜੇ ਵਿਚ ਇਕ 69 ਸਾਲਾ ਯਹੂਦੀ ਦੀ ਮੌਤ ਹੋਣ ਦੀ ਖਬਰ ਹੈ। ਵੈਨਟੂਰਾ ਕਾਊਂਟੀ ਸ਼ੈਰਿਫ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਸੰਭਾਵੀ ਤੌਰ ‘ਤੇ ਨਫਰਤੀ ਅਪਰਾਧ ਵਜੋਂ ਵਿਚਾਰਿਆ ਜਾ ਸਕਦਾ ਹੈ। ਅਧਿਕਾਰੀਆਂ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਛਾਣ ਪੌਲ ਕੇਸਲਰ ਵਜੋਂ ਹੋਈ ਹੈ ਤੇ ਇਹ ਹੱਤਿਆ ਦਾ ਮਾਮਲਾ ਹੈ। ਸ਼ੈਰਿਫ ਫਰਾਈਹੋਫ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ 50 ਸਾਲਾ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਪਰੰਤੂ ਬਾਅਦ ਵਿਚ ਉਸ ਨੂੰ ਛੱਡ ਦਿੱਤਾ ਗਿਆ ਕਿਉਂਕਿ ਮਾਮਲਾ ਅਜੇ ਜਾਂਚ ਅਧੀਨ ਹੈ। ਮੌਕੇ ਦੇ ਗਵਾਹਾਂ ਅਨੁਸਾਰ ਥਾਊਸੈਂਡ ਓਕਸ ਖੇਤਰ ‘ਚ ਇਜ਼ਰਾਈਲ ਤੇ ਫਲਸਤੀਨ ਪੱਖੀ ਹੋਈਆਂ ਦੋ ਰੈਲੀਆਂ ਦੌਰਾਨ ਕੇਸਲਰ ਇਕ ਫਲਸਤੀਨ ਪੱਖੀ ਪ੍ਰਦਰਸ਼ਨਕਾਰੀ ਨਾਲ ਉਲਝ ਗਿਆ, ਜਿਸ ਦੌਰਾਨ ਉਹ ਸਿਰ ‘ਚ ਸੱਟ ਵੱਜਣ ਕਾਰਨ ਜ਼ਖਮੀ ਹੋ ਗਿਆ। ਫਰਾਈਹੋਫ ਨੇ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਦੋਨਾਂ ਵਿਚਾਲੇ ਤਕਰਾਰ ਹੋਈ ਪਰੰਤੂ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕੇਸਲਰ ਦੀ ਮੌਤ ਸ਼ੱਕੀ ਵਿਅਕਤੀ ਵੱਲੋਂ ਸੱਟ ਮਾਰਨ ਕਾਰਨ ਹੋਈ ਹੈ। ਸ਼ੈਰਿਫ ਨੇ ਆਮ ਲੋਕਾਂ ਜੋ ਮੌਕੇ ‘ਤੇ ਮੌਜੂਦ ਸਨ, ਨੂੰ ਜਾਂਚ ਵਿਚ ਮਦਦ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਜੇ ਕਿਸੇ ਕੋਲ ਵੀਡੀਓ ਹੋਵੇ, ਤਾਂ ਉਹ ਅਧਿਕਾਰੀਆਂ ਨਾਲ ਸੰਪਰਕ ਕਰੇ।