-ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ
ਕੈਲੀਫੋਰਨੀਆ, 8 ਅਪ੍ਰੈਲ (ਪੰਜਾਬ ਮੇਲ)- ਭਾਰਤ ਦੇ ਸਭ ਤੋਂ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਹੁਣ ਸੱਤ ਸਮੁੰਦਰ ਪਾਰ ਅਮਰੀਕਾ ਦੀ ਧਰਤੀ ‘ਤੇ ਵੀ ਆਪਣੀ ਦਹਿਸ਼ਤ ਦਾ ਸਬੂਤ ਦਿੱਤਾ ਹੈ। ਅਮਰੀਕਾ ਦੇ ਕੈਲੀਫੋਰਨੀਆ ਸਟੇਟ ਵਿਚ ਹਰਿਆਣਾ ਦੇ ਰਹਿਣ ਵਾਲੇ ਗੈਂਗਸਟਰ ਭਾਨੂ ਰਾਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਜਾਣਕਾਰੀ ਅਨੁਸਾਰ ਭਾਨੂ ਰਾਣਾ ਕੈਲੀਫੋਰਨੀਆ ਵਿਚ ਲੁਕਿਆ ਹੋਇਆ ਸੀ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ ਤੇ ਭਾਨੂ ਰਾਣਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਤੋਂ ਕੁਝ ਦੇਰ ਬਾਅਦ ਹੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਇੱਕ ਫੇਸਬੁੱਕ ਪੋਸਟ ਸਾਹਮਣੇ ਆਈ, ਜਿਸ ‘ਚ ਲਿਖਿਆ ਸੀ ਕਿ ਭਾਨੂ ਰਾਣਾ ਉਨ੍ਹਾਂ ਦੇ ਦੁਸ਼ਮਣ ਗੈਂਗਾਂ (ਬੰਬੀਹਾ ਗੈਂਗ) ਦੀ ਮਦਦ ਕਰ ਰਿਹਾ ਸੀ ਅਤੇ ਉਨ੍ਹਾਂ ਦੇ ਰਾਹ ਵਿਚ ਰੋੜਾ ਬਣ ਰਿਹਾ ਸੀ, ਜਿਸ ਕਾਰਨ ਉਸ ਨੂੰ ਸਜ਼ਾ ਦਿੱਤੀ ਗਈ ਹੈ। ਪੋਸਟ ਵਿਚ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ”ਜੋ ਵੀ ਸਾਡੇ ਖ਼ਿਲਾਫ਼ ਜਾਵੇਗਾ, ਉਸ ਦਾ ਹਾਲ ਇਹੀ ਹੋਵੇਗਾ।”
ਜ਼ਿਕਰਯੋਗ ਹੈ ਕਿ ਭਾਨੂ ਰਾਣਾ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਭਾਰਤ ਵਿਚ ਕਤਲ, ਫਿਰੌਤੀਆਂ ਸਣੇ ਕਈ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ। ਉਹ ਫਰਜ਼ੀ ਪਾਸਪੋਰਟ ਰਾਹੀਂ ਅਮਰੀਕਾ ਫਰਾਰ ਹੋ ਗਿਆ ਸੀ। ਇਹ ਵਾਰਦਾਤ ਅਜਿਹੇ ਸਮੇਂ ਵਾਪਰੀ ਹੈ, ਜਦੋਂ ਭਾਰਤ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਦੇਸ਼ਾਂ ਵਿਚ ਫੈਲੇ ਨੈੱਟਵਰਕ ਨੂੰ ਤੋੜਨ ਲਈ ਅਮਰੀਕੀ ਅਤੇ ਕੈਨੇਡੀਅਨ ਏਜੰਸੀਆਂ ਨਾਲ ਤਾਲਮੇਲ ਕਰ ਰਿਹਾ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਇਹ ਗੈਂਗ ਲਗਾਤਾਰ ਵਿਦੇਸ਼ਾਂ ਵਿਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਫਿਲਹਾਲ ਕੈਲੀਫੋਰਨੀਆ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਜਾਂਚ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਭਾਰਤ ਦੀ ਇੱਕ ਗੈਂਗ ਨੇ ਅਮਰੀਕਾ ਵਿਚ ਸ਼ੂਟਰਾਂ ਦਾ ਪ੍ਰਬੰਧ ਕਿਵੇਂ ਕੀਤਾ ਅਤੇ ਇਸ ਕਤਲ ਦੇ ਤਾਰ ਕਿੱਥੇ ਜੁੜੇ ਹੋਏ ਹਨ।
ਕੈਲੀਫੋਰਨੀਆ ‘ਚ ਗੈਂਗਸਟਰ ਭਾਨੂ ਰਾਣਾ ਦਾ ਗੋਲੀਆਂ ਮਾਰ ਕੇ ਕਤਲ

