#AMERICA

ਕੈਲੀਫੋਰਨੀਆ ‘ਚ ਗੁਜਰਾਤੀ ਕਾਰੋਬਾਰੀ ਦੇ ਕਾਤਲ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਨਿਊਯਾਰਕ, 28 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਕੈਲੀਫੋਰਨੀਆ ਸੂਬੇ ਵਿਚ ਸੈਂਡਵਿਚ ਦੀ ਦੁਕਾਨ ਚਲਾਉਣ ਵਾਲੇ ਇਕ ਭਾਰਤੀ ਗੁਜਰਾਤੀ ਪ੍ਰਵੀਨ ਪਟੇਲ ਉਰਫ ਪੀਟਰ ਦੀ ਸੰਨ 2015 ਵਿਚ 200 ਡਾਲਰ ਲੈ ਕੇ ਭੱਜ ਰਹੇ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕਰਨ ਮਗਰੋਂ ਲੁਟੇਰੇ ਵੱਲੋ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਅਦਾਲਤ ਨੇ ਪੀਟਰ ਦੇ ਕਾਤਲ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ ਹੈ। ਪ੍ਰਵੀਨ ਪਟੇਲ ਉਰਫ ਪੀਟਰ ਦੀ 02 ਜੂਨ 2015 ਨੂੰ ਕੈਲੀਫੋਰਨੀਆ ਦੇ ਸ਼ਹਿਰ ਸੈਨ ਡਿਮਸ ਵਿਚ ਇਕ ਲੁਟੇਰੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਮ੍ਰਿਤਕ ਪਟੇਲ 62 ਸਾਲਾਂ ਦਾ ਸੀ ਅਤੇ ਅਮਰੀਕਾ ਵਿਚ ਪੀਟਰ ਪਟੇਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਅਤੇ 12 ਸਾਲਾਂ ਤੋਂ ਕੈਲੀਫੋਰਨੀਆ ਦੇ ਸ਼ਹਿਰ ਸੈਨ ਡਿਮਸ ਵਿਚ ਸੈਂਡਵਿਚ ਦੀ ਦੁਕਾਨ ਚਲਾ ਰਿਹਾ ਸੀ। ਜਦੋਂ ਦੁਪਹਿਰ ਦੇ 3.30 ਵਜੇ ਦੇ ਕਰੀਬ ਸਰਗੀ ਗੁਟਸੂ ਨਾਂ ਦਾ ਇਕ ਲੁਟੇਰਾ ਉਨ੍ਹਾਂ ਦੀ ਦੁਕਾਨ ‘ਤੇ ਹਥਿਆਰ ਲੈ ਕੇ ਆਇਆ। ਉਸ ਸਮੇਂ ਦੋ ਗਾਹਕ ਵੀ ਉਥੇ ਮੌਜੂਦ ਸਨ। ਇਸ ਮਾਮਲੇ ਦੇ ਗਵਾਹ ਅਤੇ ਡਕੈਤੀ ਦੇ ਸਮੇਂ ਸਟੋਰ ਵਿਚ ਮੌਜੂਦ ਇੱਕ ਵਿਅਕਤੀ ਨੇ ਅਦਾਲਤ ਨੂੰ ਦੱਸਿਆ ਕਿ ਲੁਟੇਰਾ ਦੁਕਾਨ ਵਿਚ ਦਾਖਲ ਹੋਇਆ ਅਤੇ ਪਹਿਲਾਂ ਕੂਲਰ ਵਿਚੋਂ ਉਸ ਨੇ ਪਾਣੀ ਦੀ ਬੋਤਲ ਲੈ ਕੇ ਕੈਸ਼ ਰਜਿਸਟਰ ‘ਤੇ ਗਿਆ। ਉਥੇ ਉਸ ਨੇ ਪ੍ਰਵੀਨ ਪਟੇਲ ਉਰਫ ਪੀਟਰ ਵੱਲ ਹਥਿਆਰ ਦਾ ਇਸ਼ਾਰਾ ਕੀਤਾ ਅਤੇ ਉਸ ਕੋਲ ਜੋ ਵੀ ਨਕਦੀ ਹੈ, ਉਸ ਨੂੰ ਸੌਂਪਣ ਲਈ ਕਿਹਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਨਕਦੀ ਨਾ ਦਿੱਤੀ ਤਾਂ ਉਹ ਦੁਕਾਨ ਵਿਚ ਮੌਜੂਦ ਦੋ ਗਾਹਕਾਂ ਨੂੰ ਵੀ ਗੋਲੀ ਮਾਰ ਦੇਵੇਗਾ। ਪ੍ਰਵੀਨ ਪਟੇਲ ਨੇ ਉਸ ਨੂੰ ਆਪਣੇ ਕੈਸ਼ ਰਜਿਸਟਰ ਵਿਚੋਂ 200 ਡਾਲਰ ਵੀ ਦਿੱਤੇ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੁਟੇਰੇ ਨੇ ਦੁਕਾਨ ‘ਚ ਮੌਜੂਦ ਦੋ ਗਾਹਕਾਂ ਨੂੰ ਵੀ ਧਮਕੀਆਂ ਦਿੱਤੀਆਂ। ਹਾਲਾਂਕਿ ਜਦੋਂ ਲੁਟੇਰਾ ਨਕਦੀ ਲੈ ਕੇ ਭੱਜ ਗਿਆ, ਤਾਂ ਪ੍ਰਵੀਨ ਪਟੇਲ ਉਸ ਨੂੰ ਫੜਨ ਲਈ ਉਸ ਦੇ ਪਿੱਛੇ ਭੱਜਿਆ ਅਤੇ ਉਦੋਂ ਹੀ ਪਾਰਕਿੰਗ ‘ਚ ਦੋਵਾਂ ਵਿਚਾਲੇ ਤਕਰਾਰ ਹੋ ਗਿਆ। ਉਸ ਨੇ ਪ੍ਰਵੀਨ ਪਟੇਲ ਉਰਫ ਪੀਟਰ ਨੂੰ ਗੋਲੀ ਮਾਰ ਦਿੱਤੀ। ਪ੍ਰਵੀਨ ਪਟੇਲ ‘ਤੇ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਹਮਲਾਵਰ ਸਰਜੀ ਗੁਟਸੂ ਘਟਨਾ ਵਾਲੀ ਥਾਂ ਤੋਂ ਭੱਜ ਗਿਆ। ਗੋਲੀ ਲੱਗਣ ਤੋਂ ਬਾਅਦ ਪ੍ਰਵੀਨ ਪਟੇਲ ਨੂੰ ਗੰਭੀਰ ਹਾਲਤ ‘ਚ ਨਜ਼ਦੀਕੀ ਹਸਪਤਾਲ ‘ਚ ਲਿਜਾਇਆ ਗਿਆ ਸੀ, ਜਿੱਥੇ 2 ਜੂਨ ਨੂੰ ਉਸ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਕਾਤਲ ਸੁਰਜੀ ਗੁਟਸੂ ਦੇ ਉਂਗਲਾਂ ਦੇ ਨਿਸ਼ਾਨ ਉਸ ਵੱਲੋਂ ਪ੍ਰਵੀਨ ਪਟੇਲ ਦੇ ਸਟੋਰ ਤੋਂ ਲਈ ਗਈ ਪਾਣੀ ਦੀ ਬੋਤਲ ‘ਤੇ ਪਾਏ ਗਏ ਸਨ, ਪਰ ਪੁਲਿਸ ਉਸ ਸਮੇਂ ਕਾਤਲ ਦਾ ਪਤਾ ਨਹੀਂ ਲਗਾ ਸਕੀ ਸੀ। ਪ੍ਰਵੀਨ ਪਟੇਲ ਦੇ ਕਤਲ ਤੋਂ ਇੱਕ ਸਾਲ ਬਾਅਦ, ਕਾਤਲ ਇੱਕ ਹੋਰ ਡਕੈਤੀ ਦੇ ਕੇਸ ਵਿਚ ਸੋਨੋਮਾ ਕਾਉਂਟੀ ਦੀ ਜੇਲ੍ਹ ਵਿਚ ਬੰਦ ਸੀ, ਉਦੋਂ ਹੀ ਇਹ ਪੁਸ਼ਟੀ ਹੋ ਗਈ ਸੀ ਕਿ ਉਹ ਪ੍ਰਵੀਨ ਪਟੇਲ ਦੇ ਕਤਲ ਵਿਚ ਵੀ ਸ਼ਾਮਲ ਸੀ। ਹਾਲਾਂਕਿ ਉਸ ਸਮੇਂ ਸਰਗੀ ਗੁਟਸੂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਬੀਤੇ ਦਿਨੀਂ 20 ਫਰਵਰੀ, 2024 ਨੂੰ, ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਅਤੇ ਸਰਜੀ ਗੁਟਸੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਉਸ ਨੂੰ ਕੈਦ ਦੌਰਾਨ ਪੈਰੋਲ ‘ਤੇ ਰਿਹਾਅ ਨਾ ਕਰਨ ਦਾ ਵੀ ਹੁਕਮ ਜਾਰੀ ਕੀਤਾ ਹੈ, ਮਤਲਬ ਕਿ ਪੀਟਰ ਪਟੇਲ ਦੇ ਕਾਤਲ ਨੂੰ ਹੁਣ ਬਾਕੀ ਦੀ ਜ਼ਿੰਦਗੀ ਜੇਲ੍ਹ ਵਿਚ ਹੀ ਕੱਟਣੀ ਪਵੇਗੀ। ਪ੍ਰਵੀਨ ਪਟੇਲ ਦੀ ਹੱਤਿਆ ਦੇ ਸਮੇਂ ਸਰਗੀ ਗੁਟਸੂ ਸਿਰਫ 22 ਸਾਲਾਂ ਦਾ ਸੀ, ਅਤੇ ਹੁਣ 31 ਸਾਲਾਂ ਦਾ ਹੈ।

1. ਦੋਸ਼ੀ ਸਰਗੀ ਗੁਟਸੂ
2. ਮ੍ਰਿਤਕ ਪ੍ਰਵੀਨ ਪਟੇਲ ਦੀ ਫਾਈਲ ਫੋਟੋ।