#AMERICA

ਕੈਨੇਡੀ ਦੀ ਹੱਤਿਆ ਨਾਲ ਸਬੰਧਤ ਰਿਕਾਰਡ ਨਾਲ ਸਬੰਧਤ 63000 ਤੋਂ ਵੱਧ ਪੰਨੇ ਜਾਰੀ

ਡੈਲਸ, 20 ਮਾਰਚ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਜੌਹਨ ਐੱਫ. ਕੈਨੇਡੀ ਦੀ 1963 ‘ਚ ਹੋਈ ਹੱਤਿਆ ਨਾਲ ਸਬੰਧਤ ਰਿਕਾਰਡ ਦੇ 63000 ਤੋਂ ਵੱਧ ਪੰਨਿਆਂ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਅਮਰੀਕੀ ਕੌਮੀ ਆਰਕਾਈਵਜ਼ ਅਤੇ ਰਿਕਾਰਡਜ਼ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਆਪਣੀ ਵੈੱਬਸਾਈਟ ‘ਤੇ ਲਗਭਗ 2200 ਫਾਈਲਾਂ ਪੋਸਟ ਕੀਤੀਆਂ, ਜਿਨ੍ਹਾਂ ਵਿਚ ਇਹ ਦਸਤਾਵੇਜ਼ ਸ਼ਾਮਲ ਹਨ।
ਵਰਜੀਨੀਆ ਯੂਨੀਵਰਸਿਟੀ ਦੇ ‘ਸੈਂਟਰ ਫਾਰ ਪੋਲੀਟੀਕਲ’ ਦੇ ਡਾਇਰੈਕਟਰ ਅਤੇ ‘ਦਿ ਕੈਨੇਡੀ ਹਾਫ-ਸੈਂਚੁਰੀ’ ਦੇ ਲੇਖਕ ਲੈਰੀ ਜੇ. ਸਬਾਟੋ ਨੇ ਕਿਹਾ ਕਿ ਰਿਕਾਰਡ ਦੀ ਪੂਰੀ ਤਰ੍ਹਾਂ ਤੋਂ ਸਮੀਖਿਆ ਕਰਨ ਵਿਚ ਸਮਾਂ ਲੱਗੇਗਾ। ਟਰੰਪ ਨੇ ਸੋਮਵਾਰ ਨੂੰ ਵਾਸ਼ਿੰਗਟਨ ਵਿਚ ‘ਜੌਹਨ ਐੱਫ ਕੈਨੇਡੀ ਸੈਂਟਰ ਫਾਰ ਦਿ ਪਰਫਾਰਮਿੰਗ ਆਰਟਸ’ ਦਾ ਦੌਰਾ ਕਰਨ ਦੌਰਾਨ ਇਹ ਦਸਤਾਵੇਜ਼ ਜਾਰੀ ਕਰਨ ਦਾ ਐਲਾਨ ਕੀਤਾ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਲਗਭਗ 80,000 ਪੰਨੇ ਜਾਰੀ ਕਰੇਗਾ। ਟਰੰਪ ਨੇ ਕਿਹਾ, ”ਸਾਡੇ ਕੋਲ ਬਹੁਤ ਜ਼ਿਆਦਾ ਮਾਤਰਾ ਵਿਚ ਕਾਗਜ਼ ਹਨ। ਤੁਹਾਡੇ ਕੋਲ ਪੜ੍ਹਨ ਲਈ ਬਹੁਤ ਕੁਝ ਹੈ।” ਹੱਤਿਆ ਨਾਲ ਸਬੰਧਤ ਫਾਈਲਾਂ ਦੇ ਸੰਗ੍ਰਹਿ ਕੇਂਦਰ ਮੈਰੀ ਫੈਰੇਲ ਫਾਊਂਡੇਸ਼ਨ ਦੇ ਮੀਤ ਪ੍ਰਧਾਨ ਜੈਫਰਸਨ ਮੋਰਲੇਅ ਨੇ ‘ਐਕਸ’ ਉੱਤੇ ਪੋਸਟ ਕੀਤੇ ਇਕ ਬਿਆਨ ਕਿਹਾ ਕਿ ਇਹ ਕਦਮ ਇਕ ਉਤਸ਼ਾਹਜਨਕ ਸ਼ੁਰੂਆਤ ਹੈ। ਕੌਮੀ ਆਰਕਾਈਵ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਕਿ ਰਾਸ਼ਟਰਪਤੀ ਦੇ ਨਿਰਦੇਸ਼ ਮੁਤਾਬਕ, ਦਸਤਾਵੇਜ਼ਾਂ ਵਿਚ ਵਰਗੀਕਰਨ ਵਾਸਤੇ ਪਹਿਲਾਂ ਤੋਂ ਰੋਕੇ ਗਏ ਸਾਰੇ ਰਿਕਾਰਡ ਸ਼ਾਮਲ ਹੋਣਗੇ।