#CANADA

ਕੈਨੇਡੀਅਨ ਸੂਬੇ ਵੱਲੋਂ ਉਜਰਤ ਦਰ ‘ਚ ਵਾਧਾ; ਨਵੀਆਂ ਦਰਾਂ 1 ਜੂਨ ਤੋਂ ਲਾਗੂ

ਵੈਨਕੂਵਰ, 28 ਫਰਵਰੀ (ਪੰਜਾਬ ਮੇਲ)- ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਨੇ ਕਿਰਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸੂਬਾਈ ਸਰਕਾਰ ਨੇ ਕਿਰਤੀਆਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦਾ ਯਤਨ ਕਰਦਿਆਂ ਘੱਟੋ-ਘੱਟ ਉਜਰਤ ਦਰ ਵਿਚ 65 ਸੈਂਟ (17.40 ਡਾਲਰ) ਪ੍ਰਤੀ ਘੰਟੇ ਦਾ ਵਾਧਾ ਕੀਤਾ ਹੈ। ਕਿਰਤ ਮੰਤਰੀ ਹੈਰੀ ਬੈਂਸ ਨੇ ਦੱਸਿਆ ਕਿ ਮਹਿੰਗਾਈ ਦੇ ਹਿਸਾਬ ਨਾਲ ਮਿਹਨਤਾਨੇ ਵਿਚ 3.9 ਫ਼ੀਸਦੀ ਵਾਧਾ ਕੀਤਾ ਗਿਆ ਹੈ, ਜੋ 1 ਜੂਨ ਤੋਂ ਲਾਗੂ ਹੋਵੇਗਾ। ਹੈਰੀ ਬੈਂਸ ਨੇ ਅੱਗੇ ਕਿਹਾ ਕਿ ਐੱਨ.ਡੀ.ਪੀ. ਦੀ ਸਰਕਾਰ ਵੱਲੋਂ ਉਜਰਤ ਦਰਾਂ ਨੂੰ ਮਹਿੰਗਾਈ ਮੁਤਾਬਕ ਵਧਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਕਾਇਮ ਰਖਦਿਆਂ ਤਾਜ਼ਾ ਐਲਾਨ ਕੀਤਾ ਜਾ ਰਿਹਾ ਹੈ। ਇਸ ਤਰੀਕੇ ਨਾਲ ਘੱਟੋ-ਘੱਟ ਮਿਹਨਤਾਨੇ ‘ਤੇ ਕੰਮ ਕਰਨ ਵਾਲਿਆਂ ਦੇ ਹਿਤ ਸੁਰੱਖਿਅਤ ਰੱਖੇ ਜਾ ਸਕਦੇ ਹਨ।
ਤਾਜ਼ਾ ਵਾਧੇ ਮਗਰੋਂ ਬੀ.ਸੀ. ਵਿਚ ਕਿਰਤੀਆਂ ਨੂੰ ਮਿਲਣ ਵਾਲਾ ਘੱਟੋ ਘੱਟ ਮਿਹਨਤਾਨਾ ਕੈਨੇਡਾ ਵਿਚ ਸਭ ਤੋਂ ਉੱਪਰ ਹੋ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਵਿਚ 1 ਜੂਨ ਤੋਂ ਕਾਮਿਆਂ ਦੀ ਤਨਖਾਹ 16.75 ਡਾਲਰ ਪ੍ਰਤੀ ਘੰਟਾ ਤੋਂ ਵੱਧ ਕੇ 17.40 ਡਾਲਰ ਹੋ ਜਾਵੇਗੀ। ਆਸ ਹੈ ਕਿ ਬੀ.ਸੀ. ਦੀ ਤਰਜ਼ ‘ਤੇ ਬਾਕੀ ਰਾਜਾਂ ਵੱਲੋਂ ਵੀ ਨੇੜਲੇ ਭਵਿੱਖ ਵਿਚ ਉਜਰਤ ਦਰਾਂ ਵਧਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ‘ਲਿਵਿੰਗ ਵੇਜ ਫੌਰ ਫੈਮਿਲੀਜ਼ ਬੀ.ਸੀ.’ ਨੇ ਸੂਬਾ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਕਿਹਾ ਕਿ ਗੁਜ਼ਾਰੇ ਲਈ ਲੋੜੀਂਦੀ ਆਮਦਨ ਅਤੇ ਘੱਟੋ-ਘੱਟ ਉਜਰਤ ਦਰਾਂ ਵਿਚ ਹਾਲੇ ਵੀ ਵੱਡਾ ਫ਼ਰਕ ਦੇਖਿਆ ਜਾ ਸਕਦਾ ਹੈ, ਜਿਸ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ।