#CANADA

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਨਾਮਵਰ ਸਾਹਿਤਕਾਰ ਗਿਆਨੀ ਗੁਰਦਿੱਤ ਸਿੰਘ ਦਾ ਜਨਮ ਦਿਨ ਮਨਾਇਆ

-ਸ਼ਾਹਮੁਖੀ ਵਿਚ ਪ੍ਰਕਾਸ਼ਿਤ ਪੁਸਤਕ ‘ਪੰਜਾਬੀ ਸਾਹਿਤ ਦਾ ਨਿਰਮਾਤਾ’ ਰਿਲੀਜ਼
ਸਰੀ, 28 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪੰਜਾਬੀ ਦੇ ਨਾਮਵਰ ਸਾਹਿਤਕਾਰ ਗਿਆਨੀ ਗੁਰਦਿੱਤ ਸਿੰਘ ਦਾ 101ਵਾਂ ਜਨਮ ਦਿਨ ਮਨਾਇਆ ਗਿਆ। ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਇਕ ਸਮਾਗਮ ਦੌਰਾਨ ਗਿਆਨੀ ਜੀ ਨੂੰ ਯਾਦ ਕਰਦਿਆਂ ਮੁੱਖ ਬੁਲਾਰੇ ਅਤੇ ਨਾਮਵਰ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਗਿਆਨੀ ਜੀ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ ਜਿਹਨਾਂ ਨੇ ਸਾਹਿਤ, ਧਰਮ, ਖੋਜ, ਵਿਰਾਸਤ, ਲੋਕ ਸੱਭਿਆਚਾਰ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਲਾ-ਮਿਸਾਲ ਕਾਰਜ ਕੀਤੇ। ਉਨ੍ਹਾਂ ਦੀਆਂ ਲਿਖਤਾਂ ਨੂੰ ਯੂਨੈਸਕੋ ਵੱਲੋਂ ਦੋ ਵਾਰ ਵੱਕਾਰੀ ਅਵਾਰਡ ਪ੍ਰਦਾਨ ਕੀਤੇ ਗਏ। ਉਹ ਪੰਜਾਬ ਦੇ ਸ਼੍ਰੋਮਣੀ ਸਾਹਿਤਕਾਰਾਂ ਵਿਚੋਂ ਇੱਕ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਗੁਰਮਤਿ ਅਚਾਰੀਆ ਅਵਾਰਡ ਨਾਲ ਨਿਵਾਜਿਆ। ਦੇਸ਼-ਵਿਦੇਸ਼ ਵਿਚ ਉਨ੍ਹਾਂ ਨੂੰ ਬੇਹੱਦ ਮਾਣ-ਸਨਮਾਨ ਮਿਲਿਆ। ਉਹ ਪਟਿਆਲੇ ਤੋਂ ਨਿਕਲਦੇ ਰੋਜ਼ਾਨਾ ਅਖ਼ਬਾਰ ‘ਪ੍ਰਕਾਸ਼’ ਦੇ ਮੋਢੀ ਸੰਪਾਦਕ, ਸਿੰਘ ਸਭਾ ਦੇ ਨਿਰਮਾਤਾ, ਖੋਜੀ ਵਿਦਵਾਨ, ਵਕਤਾ ਤੇ ਪੰਜਾਬੀ ਯੂਨੀਵਰਸਿਟੀ ਦੇ ਨਿਰਮਾਤਾਵਾਂ ਵਿਚੋਂ ਇੱਕ ਸਨ। ਉਨ੍ਹਾਂ ‘ਮੇਰਾ ਪਿੰਡ’, ‘ਜਨਮ ਸਾਖੀ’, ‘ਮੰਦਾਵਨੀ ਤੇ ਹੋਰ ਅਨੇਕਾਂ ਪੁਸਤਕਾਂ ਨਾਲ ਪੰਜਾਬੀ ਸਾਹਿਤ ਵਿਚ ਵਡਮੁੱਲਾ ਯੋਗਦਾਨ ਪਾਇਆ।
ਜੈਤੇਗ ਸਿੰਘ ਅਨੰਤ ਨੇ ਗਿਆਨੀ ਗੁਰਦਿੱਤ ਸਿੰਘ ਬਾਰੇ ਬਲਦੇਵ ਸਿੰਘ ਵੱਲੋਂ ਲਿਖੀ ਪੁਸਤਕ ‘ਪੰਜਾਬੀ ਸਾਹਿਤ ਦਾ ਨਿਰਮਾਤਾ’ ਨੂੰ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਕਰਨ ਦੇ ਉਦੇਸ਼ ਬਾਰੇ ਦੱਸਿਆ ਕਿ ਲਹਿੰਦੇ ਪੰਜਾਬ ਵਿਚ 13 ਕਰੋੜ ਲੋਕ ਪੰਜਾਬੀ ਬੋਲਦੇ ਹਨ ਅਤੇ ਇਕੱਲੇ ਲਾਹੌਰ ਸ਼ਹਿਰ ਵਿਚ ਇਕ ਕਰੋੜ ਲੋਕਾਂ ਵੱਲੋਂ ਪੰਜਾਬੀ ਬੋਲੀ ਜਾਂਦੀ ਹੈ। ਇਸ ਪੁਸਤਕ ਰਾਹੀਂ ਲਹਿੰਦੇ ਪੰਜਾਬ ਦੇ ਲੋਕ ਵੀ ਗਿਆਨੀ ਗੁਰਦਿੱਤ ਸਿੰਘ ਦੀ ਮਹਾਨਤਾ ਤੋਂ ਵਾਕਿਫ਼ ਹੋ ਸਕਣਗੇ।
ਇਸ ਮੌਕੇ ਸਮੂਹ ਪੰਜਾਬੀਆਂ ਨੂੰ ਗਿਆਨੀ ਗੁਰਦਿੱਤ ਸਿੰਘ ਦੇ 101ਵੇਂ ਜਨਮ ਦਿਨ ਦੀ ਵਧਾਈ ਦਿੰਦਿਆਂ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਗਿਆਨੀ ਗੁਰਦਿੱਤ ਸਿੰਘ ਜੀ ਨੇ ਇਕ ਕਿਰਤੀ ਪਰਿਵਾਰ ਵਿਚੋਂ ਉੱਠ ਕੇ ਬੜਾ ਉੱਚਾ ਰੁਤਬਾ ਹਾਸਲ ਕੀਤਾ। ਸਾਹਿਤਕਾਰ ਅਤੇ ਸੰਪਾਦਕ ਹੋਣ ਦੇ ਨਾਲ-ਨਾਲ ਤੱਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਦੇ ਉਹ ਸਲਾਹਕਾਰ ਵੀ ਰਹੇ। ਰਾਗਮਾਲਾ ਅਤੇ ਪੰਜਵਾਂ ਤਖਤ ਦਮਦਮਾ ਸਾਹਿਬ ਸੰਬੰਧੀ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਨੂੰ ਯਾਦ ਕਰਨਾ ਆਪਣੀ ਵਿਰਾਸਤ ਨੂੰ ਚੇਤੇ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਪਿਛਲੇ ਸਾਲ ਉਨ੍ਹਾਂ ਦੇ ਸ਼ਤਾਬਦੀ ਜਨਮ ਦਿਹਾੜੇ ‘ਤੇ ਪਾਸ ਕੀਤੇ ਗਏ ਮਤੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਗਿਆਨੀ ਗੁਰਦਿੱਤ ਸਿੰਘ ਦੀ ਫੋਟੋ ਹੁਣ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੋਵੇਗੀ। ਇਸ ਮੌਕੇ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਬਲਦੇਵ ਸਿੰਘ ਦੀ ਪੁਸਤਕ ‘ਪੰਜਾਬੀ ਸਾਹਿਤ ਦਾ ਨਿਰਮਾਤਾ’ ਰਿਲੀਜ਼ ਕੀਤੀ ਗਈ। ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਅੰਤ ਵਿਚ ਸਭਨਾਂ ਦਾ ਧੰਨਵਾਦ ਕੀਤਾ।