ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਅਮਰੀਕੀ ਅਦਾਲਤ ਦੇ ‘ਗਰਭਪਾਤ’ ਦੇ ਫ਼ੈਸਲੇ ’ਤੇ ਚਿੰਤਾ ਜ਼ਾਹਿਰ

61
Share

-ਫੈਸਲੇ ਨਾਲ ਹੋਰ ਅਧਿਕਾਰਾਂ ਦੀ ਉਲੰਘਣਾ ਹੋ ਸਕਣ ਦੀ ਦਿੱਤੀ ਚਿਤਾਵਨੀ
ਟੋਰਾਂਟੋ, 28 ਜੂਨ (ਪੰਜਾਬ ਮੇਲ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਕਿ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਖ਼ਤਮ ਕਰਨ ਦੇ ਅਮਰੀਕੀ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਹੋਰ ਅਧਿਕਾਰਾਂ ਦੀ ਉਲੰਘਣਾ ਹੋ ਸਕਦੀ ਹੈ। ਟਰੂਡੋ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਦਾ ਦੇਸ਼ ਕੈਨੇਡਾ ਵਿਚ ਅਮਰੀਕੀਆਂ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦਿੰਦਾ ਰਹੇਗਾ। ਟਰੂਡੋ ਨੇ ਅਮਰੀਕੀ ਅਦਾਲਤ ਦੇ ਫ਼ੈਸਲੇ ਨੂੰ ‘‘ਡਰਾਉਣ ਵਾਲਾ’’ ਕਰਾਰ ਦਿੱਤਾ ਅਤੇ ਚਿੰਤਾ ਜ਼ਾਹਰ ਕੀਤੀ ਕਿ ਇਹ ਫ਼ੈਸਲਾ ਕਿਸੇ ਦਿਨ ਸਮਲਿੰਗੀ ਰਿਸ਼ਤਿਆਂ ਨੂੰ ਦਿੱਤੀ ਗਈ ਕਾਨੂੰਨੀ ਮਾਨਤਾ ਨੂੰ ਵਾਪਸ ਲੈਣ ਦਾ ਕਾਰਨ ਬਣ ਸਕਦਾ ਹੈ, ਜਿਸ ਵਿਚ ਸਮਲਿੰਗੀ ਜੋੜਿਆਂ ਨੂੰ ਦਿੱਤਾ ਗਿਆ ਵਿਆਹ ਦਾ ਅਧਿਕਾਰ ਵੀ ਸ਼ਾਮਲ ਹੈ।¿;
ਰਾਸ਼ਟਰਮੰਡਲ ਸਰਕਾਰਾਂ ਦੇ ਮੁਖੀਆਂ ਦੀ ਮੀਟਿੰਗ ਤੋਂ ਬਾਅਦ ਟਰੂਡੋ ਨੇ ਰਵਾਂਡਾ ਦੇ ਕਿਗਾਲੀ ਵਿਚ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਹ ਨਾ ਸਿਰਫ਼ ਬਹੁਤ ਡਰਾਉਣਾ ਹੈ, ਸਗੋਂ ਇਹ ਬਹੁਤ ਸਾਰੀਆਂ ਔਰਤਾਂ ਲਈ ਦਿਲ ਤੋੜ ਦੇਣ ਵਾਲਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿਚ ਪੀੜ੍ਹੀ ਦਰ ਪੀੜ੍ਹੀ ਔਰਤਾਂ ਨੇ ਆਪਣੇ ਅਧਿਕਾਰਾਂ ਲਈ ਲੜਾਈ ਲੜੀ ਹੈ, ਕੀ ਸਿਰਫ ਇਸ ਦਿਨ ਨੂੰ ਦੇਖਣ ਲਈ, ਕੀ ਸਿਰਫ ਇਸ ਚਿੰਤਾ ਵਿਚ ਜਿਉਣ ਲਈ ਕਿ ਅੱਗੇ ਉਨ੍ਹਾਂ ਦੇ ਕਿਹੜੇ ਅਧਿਕਾਰ ਵਾਪਸ ਲਏ ਜਾ ਸਕਦੇ ਹਨ। ਟਰੂਡੋ ਨੇ ਅੱਗੇ ਕਿਹਾ ਕਿ ਇਹ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਜਦੋਂ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਕਿਸੇ ਵੀ ਚੀਜ਼ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ, ਚੌਕਸ ਰਹੋ ਅਤੇ ਹਮੇਸ਼ਾ ਔਰਤਾਂ ਦੇ ਅਧਿਕਾਰਾਂ, ਸਮਲਿੰਗੀ ਲੋਕਾਂ ਦੇ ਅਧਿਕਾਰਾਂ, ਵਾਂਝੇ ਅਤੇ ਹਾਸ਼ੀਏ ’ਤੇ ਪਏ ਲੋਕਾਂ ਦੇ ਹੱਕਾਂ ਲਈ ਇੱਕਜੁੱਟ ਹੋਣ ਦੀ ਲੋੜ ਹੈ।

Share