#CANADA

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਅਮਰੀਕੀ ਲੜਾਕੂ ਜਹਾਜ਼ ਖਰੀਦਣ ਬਾਰੇ ਸਮੀਖਿਆ ਕਰਨ ਲਈ ਕਿਹਾ

ਓਟਾਵਾ, 17 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਤੋਂ ਐੱਫ-35 ਲੜਾਕੂ ਜਹਾਜ਼ਾਂ ਦੇ ਬੇੜੇ ਨੂੰ ਖਰੀਦਣ ਦੀ ਕੈਨੇਡਾ ਦੀ ਯੋਜਨਾ ਦੀ ਸਮੀਖਿਆ ਕਰਨ ਲਈ ਕਿਹਾ ਹੈ।  ਸਥਾਨਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਲਾਕਹੀਡ ਮਾਰਟਿਨ ਅਤੇ ਅਮਰੀਕੀ ਸਰਕਾਰ ਨਾਲ ਇਹ ਸੌਦਾ 88 ਜਹਾਜ਼ਾਂ ਲਈ ਹੈ, ਜਿਸਦੀ ਕੀਮਤ ਲਗਭਗ 85 ਮਿਲੀਅਨ ਅਮਰੀਕੀ ਡਾਲਰ ਹੈ।
ਇੱਕ ਰਿਪੋਰਟ ਅਨੁਸਾਰ ਰੱਖਿਆ ਮੰਤਰੀ ਬਿਲ ਬਲੇਅਰ ਦੇ ਬੁਲਾਰੇ ਨੇ ਕਿਹਾ ਕਿ ਕਾਰਨੀ ਨੇ ਬਲੇਅਰ ਨੂੰ ਇਹ ਦੇਖਣ ਲਈ ਕਿਹਾ ਹੈ ਕਿ ਕੀ ਐੱਫ-35 ਇਕਰਾਰਨਾਮਾ ਕੈਨੇਡਾ ਲਈ ਸਭ ਤੋਂ ਵਧੀਆ ਨਿਵੇਸ਼ ਹੈ, ਜਾਂ ਇਸ ਤੋਂ ਬਿਹਤਰ ਵਿਕਲਪ ਹਨ। ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ, ”ਬਦਲਦੇ ਮਾਹੌਲ ਨੂੰ ਦੇਖਦੇ ਹੋਏ ਸਾਨੂੰ ਆਪਣਾ ਹੋਮਵਰਕ ਕਰਨ ਦੀ ਲੋੜ ਹੈ, ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਕਰਾਰਨਾਮਾ ਇਸਦੇ ਮੌਜੂਦਾ ਰੂਪ ਵਿਚ ਕੈਨੇਡੀਅਨਾਂ ਅਤੇ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਹਿੱਤ ਵਿਚ ਹੈ।” ਜ਼ਿਕਰਯੋਗ ਹੈ ਕਿ ਅਮਰੀਕਾ ਨਾਲ ਵਪਾਰ ਯੁੱਧ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਨੂੰ ਆਪਣੇ ਨਾਲ ਜੋੜਨ ਦੀਆਂ ਧਮਕੀਆਂ ਵਿਚਕਾਰ ਕਾਰਨੀ ਨੇ ਸ਼ੁੱਕਰਵਾਰ ਨੂੰ 24ਵੇਂ ਕੈਨੇਡੀਅਨ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਇੱਕ ਨਵੀਂ ਕੈਬਨਿਟ ਦੀ ਨਿਯੁਕਤੀ ਕੀਤੀ।