ਚੰਡੀਗੜ੍ਹ, 14 ਜਨਵਰੀ (ਪੰਜਾਬ ਮੇਲ)- ਕੈਨੇਡਾ ਦੀ ‘ਰੋਇਲ ਕੈਨੇਡੀਅਨ ਮਾਊਂਟਿਡ ਪੁਲਿਸ’ (ਆਰ.ਸੀ.ਐੱਮ.ਪੀ.) ਦੀ ਇੱਕ ਗੁਪਤ ਰਿਪੋਰਟ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਤਣਾਅ ਨੂੰ ਹੋਰ ਵਧਾ ਦਿੱਤਾ ਹੈ।
ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੀ ਸਾਬਰਮਤੀ ਜੇਲ੍ਹ (ਗੁਜਰਾਤ) ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਅੰਦਰੋਂ ਹੀ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਿਹਾ ਹੈ। ਰਿਪੋਰਟ ਵਿਚ ਸਭ ਤੋਂ ਹੈਰਾਨੀਜਨਕ ਦਾਅਵਾ ਇਹ ਕੀਤਾ ਗਿਆ ਹੈ ਕਿ ਬਿਸ਼ਨੋਈ ਗੈਂਗ ‘ਭਾਰਤ ਸਰਕਾਰ ਦੇ ਇਸ਼ਾਰੇ ‘ਤੇ’ ਕੈਨੇਡਾ ਵਿਚ ਸਿੱਖ ਵੱਖਵਾਦੀਆਂ ਅਤੇ ਹੋਰ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਰਿਪੋਰਟ ਦੇ ਅਨੁਸਾਰ, ਲਾਰੈਂਸ ਬਿਸ਼ਨੋਈ ਸਾਲ 2015 ਤੋਂ ਜੇਲ੍ਹ ਵਿੱਚ ਹੈ ਪਰ ਉਹ ਉੱਥੋਂ ਹੀ ਕੈਨੇਡਾ ਵਿੱਚ ਜਬਰਨ ਉਗਰਾਹੀ (Extortion), ਨਸ਼ਾ ਤਸਕਰੀ ਅਤੇ ਕੰਟਰੈਕਟ ਕਿਲਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ।
ਇਹ ਵੀ ਕਿਹਾ ਗਿਆ ਹੈ ਕਿ ਬਿਸ਼ਨੋਈ ਆਪਣੇ ਸਾਥੀ ਗੋਲਡੀ ਬਰਾੜ (ਸਤਿੰਦਰਜੀਤ ਸਿੰਘ) ਨਾਲ ਮਿਲ ਕੇ ਭਾਰਤ, ਉੱਤਰੀ ਅਮਰੀਕਾ ਅਤੇ ਯੂਰਪ ਸਮੇਤ ਕਈ ਦੇਸ਼ਾਂ ਵਿਚ ਫੈਲੇ ਆਪਣੇ 700 ਮੈਂਬਰਾਂ ਦੇ ਗੈਂਗ ਨੂੰ ਨਿਰਦੇਸ਼ ਦੇ ਰਿਹਾ ਹੈ। ਕੈਨੇਡੀਅਨ ਪੁਲਿਸ ਨੇ ਦੋਸ਼ ਲਾਇਆ ਹੈ ਕਿ ਹਰਦੀਪ ਸਿੰਘ ਨਿੱਝਰ ਅਤੇ ਸੁਖਦੂਲ ਸਿੰਘ ਵਰਗੇ ਨੇਤਾਵਾਂ ਦੇ ਕਤਲ ਵਿਚ ਇਸੇ ਗੈਂਗ ਦਾ ਹੱਥ ਸੀ।
ਭਾਰਤ ਸਰਕਾਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਖ਼ਤੀ ਨਾਲ ਖਾਰਜ ਕਰ ਦਿੱਤਾ ਹੈ। ਭਾਰਤ ਨੇ ਕੈਨੇਡਾ ਦੇ ਇਨ੍ਹਾਂ ਦਾਅਵਿਆਂ ਨੂੰ ‘ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ’ ਕਰਾਰ ਦਿੱਤਾ ਹੈ। ਇਸ ਵਿਵਾਦ ਦੇ ਚੱਲਦਿਆਂ ਭਾਰਤ ਪਹਿਲਾਂ ਹੀ ਆਪਣੇ 6 ਡਿਪਲੋਮੈਟਾਂ ਨੂੰ ਵਾਪਸ ਬੁਲਾ ਚੁੱਕਾ ਹੈ ਅਤੇ ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਹੁਕਮ ਦੇ ਚੁੱਕਾ ਹੈ।
ਗੁਜਰਾਤ ਜੇਲ੍ਹ ਵਿਭਾਗ ਜਾਂ ਭਾਰਤੀ ਹਾਈ ਕਮਿਸ਼ਨ ਵੱਲੋਂ ਅਜੇ ਤੱਕ ਇਸ ਤਾਜ਼ਾ ਰਿਪੋਰਟ ‘ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ। ਇਹ ਖੁਲਾਸਾ ਅਜਿਹੇ ਸਮੇਂ ਹੋਇਆ ਹੈ, ਜਦੋਂ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਮੁੜ ਸ਼ੁਰੂ ਹੋਣ ਦੀ ਉਮੀਦ ਜਤਾਈ ਜਾ ਰਹੀ ਸੀ। ਪਰ ਆਰ.ਸੀ.ਐੱਮ.ਪੀ. ਦੀ ਇਸ ਰਿਪੋਰਟ ਨੇ ਇੱਕ ਵਾਰ ਫਿਰ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਕੁੜੱਤਣ ਵਧਾ ਦਿੱਤੀ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡੀਅਨ ਜਾਂਚ ਏਜੰਸੀਆਂ ਕੋਲ ਅਜਿਹੀਆਂ ਗੁਪਤ ਜਾਣਕਾਰੀਆਂ ਹਨ, ਜੋ ਸੀਨੀਅਰ ਭਾਰਤੀ ਅਧਿਕਾਰੀਆਂ ਨੂੰ ਇਨ੍ਹਾਂ ਅਪਰਾਧਿਕ ਗਤੀਵਿਧੀਆਂ ਨਾਲ ਜੋੜਦੀਆਂ ਹਨ।
ਕੈਨੇਡੀਅਨ ਪੁਲਿਸ ਦੀ ਗੁਪਤ ਰਿਪੋਰਟ ‘ਚ ਦਾਅਵਾ: ਗੁਜਰਾਤ ਦੀ ਜੇਲ੍ਹ ‘ਚੋਂ ਗੈਂਗ ਚਲਾ ਰਿਹਾ ਹੈ ਲਾਰੈਂਸ ਬਿਸ਼ਨੋਈ

