ਇਹ ਵਾਧਾ 30 ਅਪ੍ਰੈਲ ਤੋਂ ਲਾਗੂ ਹੋਵੇਗਾ
ਵੈਨਕੂਵਰ, 8 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਪੀਆਰ (ਪੱਕੀ ਰਿਹਾਇਸ਼) ਫੀਸ ਵਿਚ 10 ਤੋਂ 15 ਫੀਸਦੀ ਦਾ ਵਾਧਾ ਕੀਤਾ ਹੈ। ਇਸ ਤਹਿਤ ਇਹ ਫੀਸ 515 ਡਾਲਰ ਤੋਂ ਵਧਾ ਕੇ 575 ਡਾਲਰ ਕਰ ਦਿੱਤੀ ਗਈ ਹੈ। ਇਹ ਵਾਧਾ 30 ਅਪ੍ਰੈਲ ਤੋਂ ਲਾਗੂ ਹੋਵੇਗਾ। ਨਾਬਾਲਗਾਂ ਨੂੰ ਪਹਿਲਾਂ ਵਾਂਗ ਹੀ ਫੀਸ ਭਰਨ ਤੋਂ ਛੋਟ ਰਹੇਗੀ।
ਫੈਡਰਲ ਸਕਿਲਡ ਵਰਕਰ (ਐੱਫ.ਐੱਸ.ਡਬਲਯੂ.) ਤੇ ਪ੍ਰੋਵਿੰਸਲ ਨੌਮਿਨੀ ਪ੍ਰੋਗਰਾਮ (ਪੀ.ਐੱਨ.ਪੀ.) ਤਹਿਤ ਸੱਦੇ ਜਾਣ ਵਾਲਿਆਂ ਨੂੰ ਹੁਣ ਦਰਖਾਸਤ ਦੇਣ ਵੇਲੇ 100 ਡਾਲਰ ਵੱਧ ਯਾਨੀ 850 ਦੀ ਥਾਂ 950 ਡਾਲਰ ਭਰਨੇ ਪੈਣਗੇ। ਇਸੇ ਤਰ੍ਹਾਂ ਬਿਨੈਕਾਰਾਂ ਨੂੰ ਨਾਲ ਆਉਣ ਵਾਲੇ ਉਨ੍ਹਾਂ ਦੇ ਪਤੀ/ਪਤਨੀ ਤੇ ਬੱਚਿਆਂ ਦੀ ਵੀ ਫੀਸ ਭਰਨੀ ਪਵੇਗੀ। ਪਰਿਵਾਰ ਮਿਲਾਣ ਪ੍ਰੋਗਰਾਮ ਅਧੀਨ ਬਿਨੈਕਾਰ ਨੂੰ ਹੁਣ 75 ਦੀ ਥਾਂ 85 ਡਾਲਰ ਦੇ ਨਾਲ-ਨਾਲ ਅਰਜ਼ੀ ਅਨੁਸਾਰ 175 ਤੋਂ 635 ਡਾਲਰ ਵੱਖਰੀ ਫੀਸ ਭਰਨੀ ਪਏਗੀ। ਸਰਕਾਰ ਵੱਲੋਂ 2024 ਤੋਂ 2026 ਤੱਕ ਮਿੱਥੇ ਐੱਫ.ਐੱਸ.ਡਬਲਯੂ. ਤੇ ਪੀ.ਐੱਨ.ਪੀ. ਪ੍ਰੋਗਰਾਮਾਂ ਤਹਿਤ ਅਰਜ਼ੀ ਮਨਜ਼ੂਰੀਆਂ ਸੀਮਤ ਕਰਨ ਬਾਰੇ ਆਵਾਸ ਮੰਤਰੀ ਮਾਰਕ ਮਿਲਰ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਇਨ੍ਹਾਂ ਪ੍ਰੋਗਰਾਮਾਂ ‘ਤੇ ਅਮਲ ਕਰਨ ਦਾ ਸਮਾਂ ਪਹਿਲਾਂ 30 ਸਤੰਬਰ ਤੈਅ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਆਵਾਸ ਘਟਾਉਣ ਲਈ ਸ਼ਰਤਾਂ ਸਖ਼ਤ ਕਰ ਰਹੀ ਹੈ। ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਵੱਡਾ ਕੱਟ ਲਾਇਆ ਗਿਆ ਹੈ। ਓਨਟਾਰੀਓ ਸੂਬੇ ਵਿਚ 2023 ‘ਚ ਆਏ 2,39,753 ਵਿਦਿਆਰਥੀਆਂ ਦੀ ਥਾਂ 2024 ‘ਚ ਸਿਰਫ 1,41,000 ਵਿਦਿਆਰਥੀ ਹੀ ਦਾਖਲਾ ਲੈ ਸਕਣਗੇ। ਕਾਲਜਾਂ ਨੂੰ ਕੌਮਾਂਤਰੀ ਦਾਖਲਿਆਂ ਤੋਂ ਵਾਂਝੇ ਕਰ ਕੇ ਇਸ ਨੂੰ ਸਿਰਫ ਯੂਨੀਵਰਸਿਟੀਆਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਦੋ-ਦੋ ਕਮਰੇ ਕਿਰਾਏ ‘ਤੇ ਲੈ ਕੇ ਖੋਲ੍ਹੇ ਹੋਏ ਕਾਲਜ ਮਾਲਕ ਹੁਣ ਨਵੇਂ ਨਿਯਮਾਂ ਵਿਚਲੀਆਂ ਚੋਰ ਮੋਰੀਆਂ ਲੱਭ ਰਹੇ ਹਨ।