ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਧਾਰਕ ਵਿਦੇਸ਼ੀ ਵਿਦਿਆਰਥੀਆਂ ਨੂੰ ਰਾਹਤ ਦਾ ਐਲਾਨ

533
Share

-ਬਿਨਾਂ ਵਿਸ਼ੇਸ਼ ਕਾਗਜ਼ੀ ਕਾਰਵਾਈ ਤੋਂ ਡੇਢ ਸਾਲ ਦਾ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ ਵਿਦਿਆਰਥੀ
ਟੋਰਾਂਟੋ, 10 ਜਨਵਰੀ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਆ ਕੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਤੇ ਓਪਨ ਵਰਕ ਪਰਮਿਟ ਧਾਰਕ (ਸਾਬਕਾ) ਵਿਦਿਆਰਥੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਿਨਾਂ ਕਿਸੇ ਵਿਸ਼ੇਸ਼ ਕਾਗਜ਼ੀ ਕਾਰਵਾਈ ਤੋਂ ਡੇਢ ਸਾਲ (18 ਮਹੀਨੇ) ਮਿਆਦ ਦਾ ਓਪਨ ਵਰਕ ਪਰਮਿਟ ਅਪਲਾਈ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਆਖਿਆ ਕਿ ਅਸੀਂ ਸਿਰਫ ਇਹ ਹੀ ਨਹੀਂ ਚਾਹੁੰਦੇ ਕਿ ਵਿਦੇਸ਼ਾਂ ਤੋਂ ਵਿਦਿਆਰਥੀ ਕੈਨੇਡਾ ਵਿਚ ਪੜ੍ਹਨ ਆਉਣ, ਸਗੋਂ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਉਹ ਕੈਨੇਡਾ ’ਚ ਰਹਿਣ। ਨਵੇਂ ਨਿਯਮ ਅਨੁਸਾਰ ਇਸ ਸਾਲ (2021) ਦੀ 27 ਜਨਵਰੀ ਤੋਂ 27 ਜੁਲਾਈ ਦਰਮਿਆਨ ਨਵਾਂ ਡੇਢ ਸਾਲ ਦੀ ਮਿਆਦ ਵਾਲਾ ਵਰਕ ਪਰਮਿਟ ਅਪਲਾਈ ਕੀਤਾ ਜਾ ਸਕੇਗਾ। ਅਪਲਾਈ ਕਰਨ ਸਮੇਂ ਅਰਜ਼ੀਕਰਤਾ ਕੈਨੇਡਾ ਵਿਚ ਮੌਜੂਦ ਹੋਵੇ। ਇਸ ਵਾਸਤੇ ਖਾਸ ਇਕ ਸ਼ਰਤ ਇਹ ਵੀ ਹੈ ਕਿ ਅਰਜ਼ੀਕਰਤਾ ਦੇ ਮੌਜੂਦਾ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਦੀ ਮਿਆਦ 30 ਜਨਵਰੀ 2020 ਤੋਂ ਬਾਅਦ ਖਤਮ ਹੋਈ ਹੋਵੇ ਜਾਂ (ਹੁਣ ਨਵਾਂ ਵਰਕ ਪਰਮਿਟ) ਅਪਲਾਈ ਕਰਨ ਤੋਂ ਬਾਅਦ ਚਾਰ ਮਹੀਨਿਆਂ ਅੰਦਰ ਮੁੱਕ ਜਾਣੀ ਹੋਵੇ। ਕੈਨੇਡਾ ਸਰਕਾਰ ਦਾ ਅੰਦਾਜ਼ਾ ਹੈ ਕਿ ਇਸ ਨਵੇਂ ਨਿਯਮ ਤੋਂ 52000 ਦੇ ਕਰੀਬ ਵਿਦੇਸ਼ੀ ਮੁੰਡੇ-ਕੁੜੀਆਂ ਫਾਇਦਾ ਉਠਾ ਸਕਣਗੇ। 2020 ’ਚ ਕੈਨੇਡਾ ’ਚ ਲਗਭਗ 61000 ਪੋਸਟ ਗਰੈਜੂਏਸ਼ਨ ਵਰਕ ਪਰਮਿਟ ਧਾਰਕ ਮੌਜੂਦ ਸਨ, ਜਿਨ੍ਹਾਂ ਵਿਚੋਂ ਅੱਧੇ ਤੋਂ ਵੱਧ ਨੇ ਪੱਕੀ ਇਮੀਗ੍ਰੇਸ਼ਨ ਅਪਲਾਈ ਕੀਤੀ ਹੈ ਜਾਂ ਉਹ ਪੱਕੇ ਹੋ ਚੁੱਕੇ ਹਨ। 2019 ਦੌਰਾਨ ਕੈਨੇਡਾ ਵਿਚ 58000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਪੱਕੀ ਇਮਿਗ੍ਰੇਸ਼ਨ ਮਿਲੀ ਸੀ।

Share