#CANADA

ਕੈਨੇਡਾ ਵੱਲੋਂ 40 ਫੀਸਦੀ ਭਾਰਤੀ ਵਿਦਿਆਰਥੀਆਂ ਦੀਆਂ VISA ਅਰਜ਼ੀਆਂ ਰੱਦ

ਓਟਵਾ, 11 ਜਨਵਰੀ (ਪੰਜਾਬ ਮੇਲ)- ਇਕ ਰਿਪੋਰਟ ਮੁਤਾਬਕ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਦੀਆਂ ਲਗਭਗ 40 ਫੀਸਦੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜਿਹੜੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਗਈਆਂ ਹਨ, ਇਸ ਲਈ ਸਬੰਧਤ ਵਿਭਾਗ ਵੱਲੋਂ ਕੋਈ ਠੋਸ ਕਾਰਨ ਨਹੀਂ ਦੱਸਿਆ ਜਾ ਰਿਹਾ।
ਅੰਕੜਿਆਂ ਮੁਤਾਬਕ 1 ਜਨਵਰੀ 2022 ਤੇ 30 ਅਪ੍ਰੈਲ 2023 ਦੇ ਵਿਚ ਇਮੀਗ੍ਰੇਸ਼ਨ ਵਿਭਾਗ ਨੇ 866,206 ਅਰਜ਼ੀਆਂ ਵਿਚੋਂ ਸਿਰਫ਼ 4,70,427 ਦੇ ਵੀਜ਼ੇ ਮਨਜ਼ੂਰ ਕੀਤੇ ਹਨ। ਇਕ ਤਰ੍ਹਾਂ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਕੈਨੇਡਾ ਨੇ ਸਬੰਧਤ ਸਮੇਂ ਦੌਰਾਨ ਕੁੱਲ ਵਿਦਿਆਰਥੀ ਬਿਨੈਕਾਰਾਂ ਵਿਚੋਂ ਸਿਰਫ਼ 54.3 ਫ਼ੀਸਦੀ ਨੂੰ ਹੀ ਵੀਜ਼ੇ ਜਾਰੀ ਕੀਤੇ। ਇਥੇ 1335 ਵਿਦਿਅਕ ਅਦਾਰਿਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਨ ਲਈ ਅਧਿਕਾਰਤ ਕੀਤਾ ਗਿਆ ਹੈ, ਪਰ ਇਸ ਸਮੁੱਚੀ ਸੈਕੰਡਰੀ ਸਿੱਖਿਆ ਪ੍ਰਣਾਲੀ, ਜੋ ਕਿ ਅਰਬਾਂ ਡਾਲਰ ਦੀ ਇੰਡਸਟਰੀ ਬਣ ਚੁੱਕੀ ਹੈ, ਦੀ ਇਸ ਗੱਲ ਲਈ ਆਲੋਚਨਾ ਕੀਤੀ ਜਾ ਰਹੀ ਹੈ ਕਿ ਇਹ ਇਥੇ ਪੜ੍ਹਨ ਲਈ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ ਕਰ ਰਹੀ ਹੈ, ਜੋ ਕਿ ਇਥੇ ਸਥਾਈ ਤੌਰ ‘ਤੇ ਵਸਣ ਦਾ ਸੁਪਨਾ ਲੈ ਕੇ ਜਾਂਦੇ ਹਨ।
ਰਿਪੋਰਟ ਮੁਤਾਬਕ ਕੈਨੇਡਾ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਆਉਂਦੇ ਹਨ। ਦਸੰਬਰ ਤੱਕ, ਭਾਰਤ ਤੋਂ ਲਗਭਗ 320,000 ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਕੈਨੇਡਾ ਵਿਚ ਸਨ। ਹਾਲਾਂਕਿ, ਜੁਲਾਈ ਅਤੇ ਅਕਤੂਬਰ 2023 ਦਰਮਿਆਨ ਕੈਨੇਡਾ ਜਾਣ ਲਈ ਅਪਲਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਇਸ ਸਮੇਂ ਦੌਰਾਨ 87,000 ਭਾਰਤੀ ਵਿਦਿਆਰਥੀਆਂ ਨੇ ਵਿਦਿਆਰਥੀ ਵੀਜ਼ੇ ਲਈ ਅਪਲਾਈ ਕੀਤਾ, ਜਦੋਂ ਕਿ ਇਸ ਤੋਂ ਪਹਿਲਾਂ ਦੀ ਇਸੇ ਮਿਆਦ ਲਈ 1,46,000 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ।
ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੀ ਅਰਥਵਿਵਸਥਾ ਵਿਚ ਲਗਭਗ 22 ਬਿਲੀਅਨ ਡਾਲਰ ਦਾ ਯੋਗਦਾਨ ਦਿੰਦੇ ਹਨ। ਇਹ ਕੌਮਾਂਤਰੀ ਵਿਦਿਆਰਥੀ ਸਥਾਨਕ ਵਿਦਿਆਰਥੀਆਂ ਦੀ ਤੁਲਨਾ ਵਿਚ 5 ਗੁਣਾ ਤੱਕ ਫੀਸ ਚੁਕਾਉਂਦੇ ਹਨ। ਇੰਨਾ ਹੀ ਨਹੀਂ ਆਪਣੇ ਖਰਚ ਤੇ ਟਿਊਸ਼ਨ ਫੀਸ ਰਾਹੀਂ ਇਨ੍ਹਾਂ ਜ਼ਰੀਏ ਕੈਨੇਡਾ ਵਿਚ 2 ਲੱਖ ਨੌਕਰੀਆਂ ਪੈਦਾ ਹੁੰਦੀਆਂ ਹਨ।
ਸੂਬਾਈ ਸਰਕਾਰਾਂ ਵੱਲੋਂ ਵਿਦਿਅਕ ਅਦਾਰਿਆਂ ਨੂੰ ਸਮਰਥਨ ਨਾ ਮਿਲਣ ਕਾਰਨ, ਵਿਦਿਅਕ ਅਦਾਰੇ ਇਕ ਮਹੱਤਵਪੂਰਨ ਮਾਲੀਏ ਦੇ ਸਰੋਤ ਵਜੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲ ਰੁਖ਼ ਕਰ ਰਹੇ ਹਨ। ਰੋਜ਼ਗਾਰਦਾਤਾ ਵੱਖ-ਵੱਖ ਉਦਯੋਗਾਂ ਵਿਚ ਘੱਟ ਤਨਖਾਹ ਵਾਲੇ ਅਹੁਦਿਆਂ ਨੂੰ ਭਰਨ ਲਈ ਇਹਨਾਂ ਵਿਦਿਆਰਥੀਆਂ ‘ਤੇ ਭਰੋਸਾ ਕਰਨ ਲੱਗੇ ਹਨ। ਹਾਲਾਂਕਿ, ਮੌਜੂਦਾ ਕਿਫਾਇਤੀ ਰਿਹਾਇਸ਼ੀ ਸੰਕਟ ਅਤੇ ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ, ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰੋਜ਼ਗਾਰ ਅਤੇ ਢੁਕਵੀਂ ਆਸਰਾ ਲੱਭਣ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।