#CANADA

ਕੈਨੇਡਾ ਵੱਲੋਂ ਭਾਰਤ ਤੇ ਚੀਨ ਵੱਡਾ ਦੋਸ਼; ਚੋਣਾਂ ‘ਚ ਦਖਲ ਅੰਦਾਜ਼ੀ ਦੀ ਕਰ ਸਕਦੇ ਨੇ ਕੋਸ਼ਿਸ਼

ਟੋਰਾਂਟੋ, 25 ਮਾਰਚ (ਪੰਜਾਬ ਮੇਲ)- ਕੈਨੇਡਾ ਵਿਚ ਆਮ ਚੋਣਾਂ ਦੀ ਤਾਰੀਖ਼ ਦਾ ਐਲਾਨ ਹੋ ਚੁੱਕਾ ਹੈ। ਆਮ ਚੋਣਾਂ ਤੋਂ ਪਹਿਲਾਂ ਕੈਨੇਡਾ ਨੇ ਭਾਰਤ ‘ਤੇ ਵੱਡਾ ਦੋਸ਼ ਲਗਾਇਆ ਹੈ। ਕੈਨੇਡਾ ਨੇ ਕਿਹਾ ਹੈ ਕਿ ਭਾਰਤ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦਾ ਹੈ, ਕਿਉਂਕਿ ਦੋਵਾਂ ਦੇਸ਼ਾਂ ਦੇ ਸਬੰਧ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਏ ਹਨ। ਕੈਨੇਡਾ ਦੀ ਖੁਫੀਆ ਏਜੰਸੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਅਤੇ ਚੀਨ ਆਉਣ ਵਾਲੀਆਂ ਕੈਨੇਡੀਅਨ ਆਮ ਚੋਣਾਂ ਵਿਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਰੂਸ ਅਤੇ ਪਾਕਿਸਤਾਨ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਨਵੇਂ ਨਿਯੁਕਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 28 ਅਪ੍ਰੈਲ ਨੂੰ ਫੌਰੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ।
ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ (ਸੀ.ਐੱਸ.ਆਈ.ਐੱਸ.) ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ, ਜਦੋਂ ਨਵੀਂ ਦਿੱਲੀ ਨਾਲ ਓਟਾਵਾ ਦੇ ਸਬੰਧ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਨ। ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਦੀ ਡਿਪਟੀ ਡਾਇਰੈਕਟਰ ਵੈਨੇਸਾ ਲੋਇਡ ਨੇ ਕਿਹਾ ਕਿ ਵਿਰੋਧੀ ਸਰਕਾਰੀ ਤੱਤ ਚੋਣਾਂ ਵਿਚ ਦਖਲ ਦੇਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਹਨ। ਰਾਇਟਰਜ਼ ਨੇ ਲੋਇਡ ਦੇ ਹਵਾਲੇ ਨਾਲ ਕਿਹਾ, ”ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਪੀ.ਆਰ.ਸੀ. (ਪੀਪਲਜ਼ ਰੀਪਬਲਿਕ ਆਫ਼ ਚਾਈਨਾ) ਕੈਨੇਡਾ ਦੀ ਲੋਕਤੰਤਰੀ ਪ੍ਰਕਿਰਿਆ ਵਿਚ ਦਖਲ ਦੇਣ ਲਈ ਏਆਈ-ਸਮਰੱਥ ਸਾਧਨਾਂ ਦੀ ਵਰਤੋਂ ਕਰੇਗਾ, ਜਿਸ ਵਿਚ ਇਸ ਮੌਜੂਦਾ ਚੋਣ ਵੀ ਸ਼ਾਮਲ ਹੈ।” ਉਸਨੇ ਕਿਹਾ, ”ਅਸੀਂ ਇਹ ਵੀ ਦੇਖਿਆ ਹੈ ਕਿ ਭਾਰਤ ਸਰਕਾਰ ਕੋਲ ਕੈਨੇਡੀਅਨ ਭਾਈਚਾਰਿਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿਚ ਦਖਲ ਦੇਣ ਦਾ ਇਰਾਦਾ ਅਤੇ ਯੋਗਤਾ ਹੈ।”
ਇਸ ਤੋਂ ਪਹਿਲਾਂ ਵੀ ਕੈਨੇਡਾ ਅਜਿਹੇ ਦੋਸ਼ ਲਗਾ ਚੁੱਕਾ ਹੈ, ਜਿਸ ਨੂੰ ਭਾਰਤ ਪੂਰੀ ਤਰ੍ਹਾਂ ਰੱਦ ਕਰ ਚੁੱਕਾ ਹੈ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਿਛਲੇ ਸਾਲ 2019 ਅਤੇ 2021 ਦੀਆਂ ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਰਨ ਵਾਲੀ ਇੱਕ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ, ਜਿੱਥੇ ਉਨ੍ਹਾਂ ਨੂੰ ਵਿਦੇਸ਼ੀ ਸ਼ਕਤੀਆਂ ਵੱਲੋਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਹਾਲ ਹੀ ਵਿਚ ਜਸਟਿਨ ਟਰੂਡੋ ਦੀ ਥਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਮਾਰਕ ਕਾਰਨੀ ਨੇ ਚੋਣਾਂ ਤੋਂ ਪਹਿਲਾਂ ਆਪਣੀ ਚੋਣ ਹੋਣ ‘ਤੇ ਮੌਕਾ ਮਿਲਣ ‘ਤੇ ਭਾਰਤ ਨਾਲ ਖਰਾਬ ਹੋਏ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਦੇਸ਼ ਫਿਰ ਤੋਂ ਅਜਿਹਾ ਦਾਅਵਾ ਕਰ ਰਿਹਾ ਹੈ।