#CANADA

ਕੈਨੇਡਾ ਵੱਲੋਂ ਕੌਮਾਂਤਰੀ Students ਦੀ ਗਿਣਤੀ ਸੀਮਤ ਕਰਨ ਬਾਰੇ ਨੀਤੀ ਦਾ ਖਰੜਾ ਤਿਆਰ

-ਹਰੇਕ ਸੂਬੇ ਦੀਆਂ ਵਿੱਦਿਅਕ ਸੰਸਥਾਵਾਂ ਅਨੁਸਾਰ ਦਿੱਤਾ ਜਾਵੇਗਾ ਕੋਟਾ
ਵੈਨਕੂਵਰ, 22 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਆਵਾਸ ਵਿਭਾਗ ਵਲੋਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਅਤੇ ਹਰੇਕ ਸੂਬੇ ਨੂੰ ਕੋਟਾ ਅਲਾਟ ਕੀਤੇ ਜਾਣ ਦੀ ਨੀਤੀ ਤਿਆਰ ਹੋ ਰਹੀ ਹੈ, ਜਿਸ ਨੂੰ ਇਸ ਸਾਲ ਦੇ ਅੰਤ ਤੱਕ ਲਾਗੂ ਕਰ ਦਿੱਤਾ ਜਾਏਗਾ। ਆਵਾਸ ਮੰਤਰਾਲੇ ਵਲੋਂ ਤਿਆਰ ਕੀਤੇ ਜਾ ਰਹੇ ਖਰੜੇ ਅਨੁਸਾਰ ਹਰੇਕ ਸੂਬੇ ਲਈ ਅਲਾਟ ਕੀਤੀ ਗਿਣਤੀ ‘ਚੋਂ ਉਥੋਂ ਦੀਆਂ ਸੂਬਾ ਸਰਕਾਰਾਂ ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਵਿਚਲੀਆਂ ਸਹੂਲਤਾਂ ਦੀ ਸਮਰੱਥਾ ਅਨੁਸਾਰ ਵਿਦਿਅਰਥੀ ਦਾਖਲਾ ਤੈਅ ਕਰਕੇ ਸੂਚੀ ਆਵਾਸ ਵਿਭਾਗ ਨੂੰ ਸੌਂਪਣਗੀਆਂ ਤੇ ਉਸੇ ਅਨੁਸਾਰ ਵਿਦਿਅਕ ਵੀਜ਼ੇ ਜਾਰੀ ਹੋਣਗੇ। ਬੇਸ਼ੱਕ ਹਾਲੇ ਕੌਮਾਂਤਰੀ ਵਿੱਦਿਅਕ ਵੀਜ਼ਿਆਂ ਦੀ ਗਿਣਤੀ ਤੈਅ ਨਹੀਂ ਕੀਤੀ ਗਈ ਪਰ ਯੂਨੀਵਰਸਿਟੀਜ਼ ਕੈਨੇਡਾ ਗਰੁੱਪ ਦਾ ਮੰਨਣਾ ਹੈ ਕਿ ਦੋ ਸਾਲ ਪਹਿਲਾਂ ਵਾਲੀ ਗਿਣਤੀ ਨੂੰ ਆਧਾਰ ਬਣਾਇਆ ਜਾ ਸਕਦਾ ਹੈ। ਇਸ ਗਰੁੱਪ ਵਲੋਂ ਆਪਣੇ 96 ਮੈਂਬਰਾਂ ਨੂੰ ਭੇਜੇ ਪੱਤਰ ਦੀਆਂ ਜਾਣਕਾਰੀਆਂ ਜਨਤਕ ਹੋਣ ਮਗਰੋਂ ਆਵਾਸ ਵਿਭਾਗ ਵੱਲੋਂ ਇਸ ਬਾਰੇ ਵਿਸਥਾਰ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਹਾਲਾਂਕਿ ਵਿਭਾਗ ਨੇ ਇਹ ਮੰਨਿਆ ਹੈ ਕਿ ਵੈਟਰਨਰੀ ਤੇ ਕੁਝ ਹੋਰ ਕੋਰਸਾਂ ਦੀ ਪ੍ਰਵਾਨਗੀ ਆਗਾਮੀ ਪੱਤਝੜ ਦੇ ਮੌਸਮ ਤੋਂ ਪਹਿਲਾਂ ਅਮਲ ‘ਚ ਆ ਸਕਦੀ ਹੈ। ਜੇਕਰ ਕੌਮਾਂਤਰੀ ਵਿਦਿਆਰਥੀਆਂ ਬਾਰੇ ਨਵੀਂ ਨੀਤੀ ਲਾਗੂ ਹੋਈ ਤਾਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ‘ਚ 20-25 ਫ਼ੀਸਦੀ ਕਟੌਤੀ ਹੋਵੇਗੀ। ਬੀਤੇ ਸਾਲ 5,79,075 ਵੀਜ਼ੇ ਜਾਰੀ ਹੋਣ ਨਾਲ ਦੇਸ਼ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 9 ਲੱਖ ਸੀ। ਦੂਜੇ ਪਾਸੇ ਆਵਾਸ ਮੰਤਰੀ ਮਾਈਕ ਮਿਲਰ ਨੇ ਸੰਕੇਤ ਦਿੱਤਾ ਸੀ ਕਿ ਰਿਹਾਇਸ਼ੀ ਘਾਟ ਕਾਰਨ ਸਰਕਾਰ ਨੂੰ ਅਸਥਾਈ ਨਾਗਰਿਕਾਂ ਪ੍ਰਤੀ ਸਖਤ ਹੋਣਾ ਪਏਗਾ।