ਮੋਦੀ ਵੱਲੋਂ ਟਰੂਡੋ ਨੂੰ ਭਾਰਤੀ ਚਿੰਤਾ ਤੋਂ ਕਰਵਾਇਆ ਸੀ ਜਾਣੂ
ਟੋਰਾਂਟੋ, 11 ਸਤੰਬਰ (ਪੰਜਾਬ ਮੇਲ)- ਕੈਨੇਡਾ ਵਿਚ ਖਾਲਿਸਤਾਨੀ ਰਾਇਸ਼ਮਾਰੀ ਵਿਚ ਸਿੱਖਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸੇ ਦਿਨ ਆਪਣੇ ਹਮਰੁਤਬਾ ਜਸਟਿਨ ਟਰੂਡੋ ਨੂੰ ਉਨ੍ਹਾਂ ਦੇ ਮੁਲਕ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ। ਭਾਰਤ ਵਿਚ ਸਿੱਖਾਂ ਲਈ ਵੱਖਰੇ ਮੁਲਕ ਖਾਲਿਸਤਾਨ ਦੇ ਸਮਰਥਨ ਲਈ ਵੋਟਿੰਗ ਐਤਵਾਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ‘ਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿੱਥੇ ਜੂਨ ਵਿਚ ਇਸ ਦੇ ਸਾਬਕਾ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗਲੋਬਲ ਨਿਊਜ਼ ਚੈਨਲ ਨੇ ਰਿਪੋਰਟ ਦਿੱਤੀ ਕਿ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.), ਜਿਸ ਨੇ ਰਾਇਸ਼ੁਮਾਰੀ ਕਰਵਾਈ ਨੇ, ਕਿਹਾ ਕਿ ਇਸ ਸਮਾਗਮ ਵਿਚ 100,000 ਤੋਂ ਵੱਧ ਲੋਕ ਸ਼ਾਮਲ ਹੋਏ। ਮਤਦਾਨ ਤੋਂ ਸਾਫ ਹੈ ਕਿ ਖਾਲਿਸਤਾਨ ਦਾ ਮਾਮਲਾ ਸਿੱਖਾਂ ਲਈ ਬੜਾ ਭਾਵਨਾਤਕ ਹੈ। ਇਹ ਵੋਟਿੰਗ ਸਰੀ ਦੇ ਸਕੂਲ ਵਿਚ ਹੋਣੀ ਸੀ ਪਰ ਸਬੰਧਤ ਵਸਨੀਕਾਂ ਵੱਲੋਂ ਪੋਸਟਰ ‘ਤੇ ਹਥਿਆਰਾਂ ਦੀਆਂ ਤਸਵੀਰਾਂ ਸਕੂਲ ਪ੍ਰਬੰਧਕਾਂ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ।