#CANADA

ਕੈਨੇਡਾ ਭਰ ‘ਚ ਇਨਫਲੂਐਂਜ਼ਾ ਦੇ ਮਾਮਲੇ ਵਧੇ

ਓਟਵਾ, 13 ਅਪ੍ਰੈਲ (ਪੰਜਾਬ ਮੇਲ)- ਪਿਛਲੇ ਕੁਝ ਹਫਤਿਆਂ ਵਿਚ ਕੈਨੇਡਾ ਭਰ ਵਿਚ ਇਨਫਲੂਐਂਜ਼ਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਬਹੁਤੇ ਮਾਮਲੇ ਇਨਫਲੂਐਂਜ਼ਾ-ਬੀ ਦੇ ਹਨ। ਇਹ ਜਾਣਕਾਰੀ ਕੈਨੇਡਾ ਫਲੂਵਾਚ ਵੱਲੋਂ ਦਿੱਤੀ ਗਈ। ਰਿਪੋਰਟ ਜਿਹੜੀ ਕਿ ਹਫਤਾਵਾਰੀ ਆਉਂਦੀ ਹੈ ਅਤੇ ਜਿਸ ਵਿਚ ਕੈਨੇਡਾ ਭਰ ਦੇ ਫਲੂ ਦੇ ਮਾਮਲਿਆਂ ਦਾ ਟਰੈਕ ਰੱਖਿਆ ਜਾਂਦਾ ਹੈ, ਵਿਚ ਆਖਿਆ ਗਿਆ ਹੈ ਕਿ 2023 ਦੇ 13ਵੇਂ ਹਫਤੇ ਵਿਚ ਇਨਫਲੂਐਂਜ਼ਾ ਦੇ ਕੁੱਲ 510 ਮਾਮਲੇ ਸਾਹਮਣੇ ਆਏ, ਜਿਨ੍ਹਾਂ ਨੂੰ ਲੈਬਾਰਟਰੀ ਵਿਚ ਡਿਟੈਕਟ ਕੀਤਾ ਗਿਆ। ਸਾਲ ਦੇ ਇਸ ਅਰਸੇ ਦੌਰਾਨ ਇੰਨੇ ਮਾਮਲੇ ਸਾਧਾਰਨ ਨਹੀਂ ਹਨ। ਇਨ੍ਹਾਂ ਪੁਸ਼ਟੀ ਕੀਤੇ ਗਏ ਫਲੂ ਦੇ ਮਾਮਲਿਆਂ ਵਿਚੋਂ 364 ਇਨਫਲੂਐਂਜ਼ਾ-ਬੀ ਦੇ ਸਨ ਅਤੇ ਬਾਕੀ 146 ਇਨਫਲੂਐਂਜ਼ਾ-ਏ ਦੇ ਸਨ। ਇਸ ਤੋਂ ਭਾਵ ਇਹ ਹੈ ਕਿ ਇਸ ਸਮੇਂ ਇਨਫਲੂਐਂਜ਼ਾ-ਬੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਨਫਲੂਐਂਜ਼ਾ ਦੇ 71 ਫੀਸਦੀ ਮਾਮਲਿਆਂ ਲਈ ਇਹੋ ਜ਼ਿੰਮੇਵਾਰ ਹੈ।
ਪਿਛਲੇ ਸਾਲ ਦੇ ਮੁਕਾਬਲੇ ਇਹ ਸਟਰੇਨ ਇਸ ਸਮੇਂ ਕਿਤੇ ਉੱਚ ਪੱਧਰ ਉੱਤੇ ਫੈਲ ਰਿਹਾ ਹੈ। 2022 ਦੇ ਅੰਤ ਵਿਚ ਫਲੂ ਸੀਜ਼ਨ ਦੌਰਾਨ ਬਹੁਤੇ ਮਾਮਲੇ ਇਨਫਲੂਐਂਜ਼ਾ-ਏ ਦੇ ਸਨ ਤੇ ਇਨਫਲੂਐਂਜ਼ਾ-ਬੀ ਦਾ ਮਾਮਲਾ ਵਿਰਲਾ ਹੀ ਕਿਤੇ ਸਾਹਮਣੇ ਆ ਰਿਹਾ ਸੀ। ਪਿਛਲੇ ਸਾਲ ਮਾਰਚ-ਅਪ੍ਰੈਲ ਦੌਰਾਨ ਇਨਫਲੂਐਂਜ਼ਾ-ਬੀ ਦੇ ਸਿਰਫ ਚਾਰ ਮਾਮਲੇ ਹੀ ਸਾਹਮਣੇ ਆਏ ਸਨ, ਜਦਕਿ ਇਨਫਲੂਐਂਜ਼ਾ-ਏ ਦੇ 1283 ਮਾਮਲੇ ਰਿਕਾਰਡ ਕੀਤੇ ਗਏ ਸਨ। 13ਵੇਂ ਹਫਤੇ ਵਿਚ ਇਨਫਲੂਐਂਜ਼ਾ ਕਾਰਨ 15 ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਨ੍ਹਾਂ ਵਿਚੋਂ 14 ਇਨਫਲੂਐਂਜ਼ਾ ਬੀ ਦੇ ਮਾਮਲੇ ਸਨ।

Leave a comment