#CANADA

ਕੈਨੇਡਾ ਨੇ ਚੋਣਾਂ ਦੌਰਾਨ ਭਾਰਤ ਵੱਲੋਂ ਦਖਲ ਦਿੱਤੇ ਜਾਣ ਦਾ ਜਤਾਇਆ ਖਦਸ਼ਾ

ਭਾਰਤ ਨੂੰ ਦੱਸਿਆ ‘ਵਿਦੇਸ਼ੀ ਖਤਰਾ’!
ਨਵੀਂ ਦਿੱਲੀ, 5 ਫਰਵਰੀ (ਪੰਜਾਬ ਮੇਲ)- ਕੈਨੇਡਾ ਨੇ ਆਪਣੀ ਧਰਤੀ ‘ਤੇ ਇੱਕ ਖਾਲਿਸਤਾਨੀ ਵੱਖਵਾਦੀ ਦੀ ਹੱਤਿਆ ‘ਚ ਦਿੱਲੀ ਦੀ ਭੂਮਿਕਾ ਦਾ ਦੋਸ਼ ਲਾਉਣ ਦੇ ਮਹੀਨਿਆਂ ਬਾਅਦ ਭਾਰਤ ਨੂੰ ‘ਵਿਦੇਸ਼ੀ ਖਤਰਾ’ ਕਰਾਰ ਦਿੱਤਾ ਹੈ, ਜੋ ਸੰਭਾਵੀ ਤੌਰ ‘ਤੇ ਉਨ੍ਹਾਂ ਦੀਆਂ ਚੋਣਾਂ ‘ਚ ਦਖਲ ਦੇ ਸਕਦਾ ਹੈ। ਭਾਰਤ ਸਰਕਾਰ ਨੇ ਅਜੇ ਤੱਕ ਇਸ ਦੋਸ਼ ‘ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਦੂਜੇ ਪਾਸੇ ਅਮਰੀਕਾ ਦੇ ਇੱਕ ਅਹਿਮ ਸੈਨੇਟਰ ਨੇ ਬਾਇਡਨ ਪ੍ਰਸ਼ਾਸਨ ਵੱਲੋਂ ਵਾਅਦਾ ਕੀਤਾ ਹੈ ਕਿ ਉਹ ਨਿਊਯਾਰਕ ‘ਚ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ‘ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ‘ਚ ਸਹਿਯੋਗ ਲਈ ਭਾਰਤ ਨੂੰ ਮਨਾਉਣਗੇ।
ਬ੍ਰਿਟਿਸ਼ ਕੋਲੰਬੀਆ ‘ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤ ਦਾ ਹੱਥ ਹੋਣ ਨੂੰ ਲੈ ਕੇ ਨਵੀਂ ਦਿੱਲੀ ਨਾਲ ਚੱਲ ਰਹੇ ਤਣਾਅ ਵਿਚਾਲੇ ਕੈਨੇਡਿਆਈ ਸੁਰੱਖਿਆ ਖੁਫ਼ੀਆ ਸੇਵਾ (ਸੀ.ਐੱਸ.ਆਈ.ਐੱਸ.) ਦੀ ਰਿਪੋਰਟ ‘ਚ ਭਾਰਤ ਨੂੰ ‘ਵਿਦੇਸ਼ੀ ਦਖਲ’ ਦੇ ਖਤਰੇ ਵਜੋਂ ਦਰਸਾਇਆ ਗਿਆ ਹੈ। ‘ਭਾਰਤ ਦਾ ਵਿਦੇਸ਼ੀ ਦਖਲ’ ਸਬੰਧੀ ਰਿਪੋਰਟ ‘ਚ ਕਿਹਾ ਗਿਆ ਹੈ, ‘ਸਾਨੂੰ ਕੈਨੇਡਾ ਦੀਆਂ ਜਮਹੂਰੀ ਸੰਸਥਾਵਾਂ ਤੇ ਪ੍ਰਕਿਰਿਆਵਾਂ ਦੀ ਰਾਖੀ ਲਈ ਹੋਰ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ।’ ਇਸ ਵਿਚ ਕਿਹਾ ਗਿਆ ਹੈ ਕਿ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਕੈਨੇਡਿਆਈ ਮੀਡੀਆ ਅਨੁਸਾਰ ਇਹ ਰਿਪੋਰਟ ਅਕਤੂਬਰ 2022 ਦੀ ਹੈ ਅਤੇ ਇਹ ਰਿਪੋਰਟ ਸਰਕਾਰੀ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ਲਈ ਭਾਰਤ, ਚੀਨ ਤੇ ਰੂਸ ਦੇ ਕਥਿਤ ਵਿਦੇਸ਼ੀ ਦਖਲ ਦੀ ਜਾਂਚ ਨਾਲ ਸਬੰਧਤ ਹੈ। ਇਸ ਰਿਪੋਰਟ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਂਚ ਦੇ ਹੁਕਮ ਦਿੱਤੇ ਸਨ।
ਭਾਰਤ ਨੂੰ ਇੱਕ ਵਿਦੇਸ਼ੀ ਖਤਰੇ ਵਜੋਂ ਪੇਸ਼ ਕੀਤੇ ਜਾਣ ਨਾਲ ਕੈਨੇਡਾ ਨਾਲ ਤਣਾਅ ਵਧੇਗਾ, ਜਿਸ ਬਾਰੇ ਨਵੀਂ ਦਿੱਲੀ ਦਾ ਕਹਿਣਾ ਹੈ ਕਿ ਉਹ ਵੱਖਵਾਦ ਤੇ ਗੈਂਗਸਟਰਵਾਦ ਨਾਲ ਸਬੰਧਤ ਗਤੀਵਿਧੀਆਂ ਨੂੰ ਥਾਂ ਦਿੰਦਾ ਹੈ। ਦੂਜੇ ਪਾਸੇ ਓਟਵਾ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਨਿੱਝਰ ਦੀ ਹੱਤਿਆ ‘ਚ ਆਪਣੀ ਸ਼ਮੂਲੀਅਤ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।