ਟੋਰਾਂਟੋ, 11 ਜੁਲਾਈ (ਪੰਜਾਬ ਮੇਲ)–ਕੈਨੇਡਾ ਸਰਕਾਰ ਨੇ ਹੁਣ ਸਟੱਡੀ ਪਰਮਿਟ ਨੂੰ ਵਿਦਿਆ ਹਾਸਲ ਕਰਨ ਲਈ ਵਰਤੇ ਜਾਣਾ ਯਕੀਨੀ ਬਣਾਉਣ ਵਾਸਤੇ ਕੁਝ ਹੋਰ ਸਖ਼ਤ ਨਿਯਮ ਤਿਆਰ ਕੀਤੇ ਹਨ, ਜਿਨ੍ਹਾਂ ਤਹਿਤ ਵਿਦਿਅਕ ਅਦਾਰਿਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਿੱਧੇ ਤੌਰ ‘ਤੇ ਜਵਾਬਦੇਹ ਬਣਾਇਆ ਗਿਆ ਹੈ। ਨਵੇਂ ਨਿਯਮਾਂ ਦਾ ਪਾਲਣ ਨਾ ਕਰਨ ਵਾਲੇ ਵਿਦਿਆਰਥੀਆਂ ਦਾ ਸਟੱਡੀ ਪਰਮਿਟ ਕੈਂਸਲ ਹੋ ਜਾਵੇਗਾ ਅਤੇ ਦੋਸ਼ੀ ਵਿਦਿਅਕ ਅਦਾਰੇ ‘ਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਨਵੇਂ ਸਟੱਡੀ ਪਰਮਿਟ ਨਹੀਂ ਮਿਲਿਆ ਕਰਨਗੇ।
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਕਿਹਾ ਕਿ ਸਟੱਡੀ ਪਰਮਿਟ ਦੀ ਭਰੋਸੇਯੋਗਤਾ ਬਰਕਰਾਰ ਰੱਖਣਾ ਸਮੇਂ ਦੀ ਲੋੜ ਹੈ। ਨਵੇਂ ਨਿਯਮਾਂ ਤਹਿਤ ਵਿਦੇਸ਼ੀ ਵਿਦਿਆਰਥੀ ਵਲੋਂ ਜਿਸ ਵਿਦਿਅਕ ਅਦਾਰੇ ਵਿਚ ਦਾਖਲਾ ਹਾਸਲ ਕੀਤਾ ਜਾਵੇਗਾ, ਉਸ ਵਿਚ ਜਾ ਕੇ ਪੜ੍ਹਨਾ ਜ਼ਰੂਰੀ ਹੋਵੇਗਾ। ਵਿਦਿਅਕ ਅਦਾਰਾ ਬਦਲਣਾ ਹੋਵੇ ਤਾਂ ਹੋਰ ਕਿਸੇ ਕਾਲਜ ਵਿਚ ਪੜ੍ਹਨਾ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਿਰੇ ਤੋਂ ਸਟੱਡੀ ਪਰਮਿਟ ਅਪਲਾਈ ਕਰਨਾ ਲਾਜ਼ਮੀ ਹੋਵੇਗਾ। ਜੇਕਰ ਕਿਸੇ ਵਿਦੇਸ਼ੀ ਵਿਦਿਆਰਥੀ ਵੱਲੋਂ ਕੈਨੇਡਾ ‘ਚ ਜਾ ਕੇ ਵਿਦਿਅਕ ਅਦਾਰੇ ‘ਚ ਪੜ੍ਹਨਾ ਛੱਡ ਦਿੱਤਾ ਜਾਂਦਾ ਹੈ ਜਾਂ ਸਟੱਡੀ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ (ਪੜ੍ਹਨ ਦੀ ਬਜਾਏ ਨਿਰਾ ਕੰਮ) ਕੀਤੀ ਜਾਂਦੀ ਹੈ ਤਾਂ ਉਸ ਵਿਦਿਅਕ ਅਦਾਰੇ ਨੂੰ 60 ਦਿਨਾਂ ਵਿਚ ਕੈਨੇਡਾ ਦੇ ਇਮੀਗ੍ਰੇਸ਼ਨ ਅਦਾਰੇ ਨੂੰ ਸੂਚਿਤ ਕਰਨਾ ਹੋਵੇਗਾ ਤਾਂ ਕਿ ਅਧਿਕਾਰੀਆਂ ਵੱਲੋਂ ਉਸ ਦੇ ਸਟੱਡੀ ਪਰਮਿਟ ਦੀ ਸਮੀਖਿਆ ਕੀਤੀ ਜਾ ਸਕੇ।
ਇਹ ਵੀ ਕਿ ਸਟੱਡੀ ਪਰਮਿਟ ਜਾਰੀ ਕਰਨ ਤੋਂ ਪਹਿਲਾਂ ਵੀਜ਼ਾ ਅਧਿਕਾਰੀ ਵਿਦਿਅਕ ਅਦਾਰਿਆਂ ਦੇ ਦਾਖਲਾ ਪੱਤਰਾਂ ਦੀ ਅਸਲੀਅਤ ਵੀ ਯਕੀਨੀ ਬਣਾਉਣਗੇ। ਕੈਨੇਡਾ ਸਰਕਾਰ ਬੀਤੇ ਸਾਲ ਦੇ ਅਖੀਰ ਤੋਂ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੇ ਨਿਯਮਾਂ ‘ਚ ਸੋਧਾਂ ਕਰਕੇ ਵੀਜ਼ਾ ਧੋਖਾਧੜੀਆਂ ਅਤੇ ਆਪੋਧਾਪੀ ਨਾਲ ਕੈਨੇਡਾ ਦੇ ਖਰਾਬ ਹੋ ਰਹੇ ਅਕਸ ਨੂੰ ਰੋਕਣ ਲਈ ਯਤਨਸ਼ੀਲ ਹੈ। ਇਸ ਤੋਂ ਪਹਿਲਾਂ ਢਿੱਲੇ ਵੀਜ਼ਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਰਹੀਆਂ ਹਨ ਅਤੇ ਦੇਸ਼ ਭਰ ਵਿਚ ਕੈਨੇਡਾ ਸਰਕਾਰ ਦੀ ਆਲੋਚਨਾ ਵਧੀ ਸੀ। ਸਖ਼ਤ ਤੇ ਸਪੱਸ਼ਟ ਨਿਯਮਾਂ ਲਾਗੂ ਹੋਣ ਤੋਂ ਬਾਅਦ ਪੜ੍ਹਨ ਦੇ ਬਹਾਨੇ ਕੈਨੇਡਾ ‘ਚ ਕੰਮ ਕਰਨ ਅਤੇ ਪੱਕੇ ਹੋਣ ਦੀ ਧਾਰਨਾ ਨਾਲ ਵਿਦੇਸ਼ਾਂ ਤੋਂ ਨੌਜਵਾਨਾਂ ਦੀ ਹੋੜ ਬੀਤੇ ਦੋ ਕੁ ਸਮੈਸਟਰਾਂ ਤੋਂ ਠੱਲ੍ਹਣਾ ਜਾਰੀ ਹੈ, ਜਿਸ ਦਾ ਸਿੱਧਾ ਅਸਰ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਤੋਂ ਕੈਨੇਡਾ ‘ਚ ਜਾਣ ਦੇ ਰੁਝਾਨ ਉਪਰ ਪਿਆ ਹੈ।