#CANADA

ਕੈਨੇਡਾ ਦੇ ਮੌਸਮ ਵਿਭਾਗ ਵੱਲੋਂ ਉੱਤਰੀ ਯਾਰਕ ਖੇਤਰ ਲਈ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਜਾਰੀ

ਓਟਵਾ, 27 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਮੌਸਮ ਵਿਭਾਗ ਨੇ ਉੱਤਰੀ ਯਾਰਕ ਖੇਤਰ ਲਈ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਜਾਰੀ ਕਰਦੇ ਹੋਏ ਇਸ ਨੂੰ ਔਰੇਂਜ (ਸੰਤਰੀ) ਪੱਧਰ ‘ਤੇ ਵਧਾ ਦਿੱਤਾ ਹੈ। ਚਿਤਾਵਨੀ ਅਨੁਸਾਰ ਤੇਜ਼ ਬਰਫ਼ਬਾਰੀ 27 ਨਵੰਬਰ ਵੀਰਵਾਰ ਤੋਂ ਸ਼ੁਰੂ ਹੋ ਕੇ ਸ਼ੁੱਕਰਵਾਰ ਰਾਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ 30 ਤੋਂ 50 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ, ਜਦਕਿ ਕੁਝ ਇਲਾਕਿਆਂ ਵਿਚ ਇਸ ਤੋਂ ਵੱਧ ਵੀ ਪੈ ਸਕਦੀ ਹੈ। ਤੇਜ਼ ਹਵਾਵਾਂ ਅਤੇ ਭਾਰੀ ਬਰਫ਼ ਕਾਰਨ ਦ੍ਰਿਸ਼ਟੀ ਲਗਭਗ ਜ਼ੀਰੋ ਹੋ ਸਕਦੀ ਹੈ, ਜਿਸ ਨਾਲ ਸਫ਼ਰ ਬਹੁਤ ਖ਼ਤਰਨਾਕ ਬਣ ਸਕਦਾ ਹੈ।
ਇਸ ਮੌਸਮੀ ਅਸਰ ਨਾਲ ਸਿਮਕੋ, ਡਫ਼ਰਿਨ, ਉੱਤਰੀ ਡਰਹਮ ਅਤੇ ਉੱਤਰੀ ਗਰੇ ਖੇਤਰ ਵੀ ਪ੍ਰਭਾਵਿਤ ਹੋਣਗੇ। ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਬਰਫ਼ ਦੀਆਂ ਲਹਿਰਾਂ ਹਿਉਰਨ ਝੀਲ ਅਤੇ ਜੌਰਜੀਅਨ ਬੇਅ ਤੋਂ ਬਣਨਗੀਆਂ ਅਤੇ ਵੀਰਵਾਰ ਸਵੇਰੇ ਤੱਕ ਤੇਜ਼ ਹੋ ਜਾਣਗੀਆਂ। ਕੁਝ ਮਾਰਗ ਬੰਦ ਹੋਣ ਅਤੇ ਆਵਾਜਾਈ ਵਿਚ ਵਿਘਨ ਪੈਣ ਦੀ ਸੰਭਾਵਨਾ ਹੈ। ਲੋਕਾਂ ਨੂੰ ਸੁਚੇਤ ਰਹਿਣ ਅਤੇ ਤਿਆਰੀ ਰੱਖਣ ਦੀ ਅਪੀਲ ਕੀਤੀ ਗਈ ਹੈ।