#CANADA

ਕੈਨੇਡਾ ਦੇ ਜੰਗਲਾਂ ‘ਚ ਅੱਗ ਦੇ ਕਹਿਰ ਤੋਂ ਦੇਸ਼ ਭਰ ‘ਚ ਫ਼ਿਕਰਮੰਦੀ

ਟੋਰਾਂਟੋ, 16 ਮਈ (ਪੰਜਾਬ ਮੇਲ)- ਸਰਦ ਰੁੱਤ ਤੋਂ ਬਾਅਦ ਤਾਪਮਾਨ ਵਧਣ ਤੇ ਮੀਂਹ ਦੀ ਘਾਟ ਕਾਰਨ ਕੈਨੇਡਾ ਅਤੇ ਅਮਰੀਕਾ ਦੇ ਵਿਸ਼ਾਲ ਜੰਗਲੀ ਇਲਾਕਿਆਂ ‘ਚ ਅੱਗਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਅਜਿਹਾ ਹਰੇਕ ਸਾਲ ਵਾਪਰਦਾ ਹੈ। ਇਸ ਸਮੇਂ ਦੇਸ਼ ਭਰ ‘ਚ 90 ਤੋਂ ਵੱਧ ਥਾਵਾਂ ‘ਤੇ ਲੱਗੀਆਂ ਹੋਈਆਂ ਅੱਗਾਂ ਨਾਲ ਜੰਗਲ ਸੜ ਰਹੇ ਹਨ ਅਤੇ ਸਰਕਾਰ ਦੀ ਚਿੰਤਾ ਅੱਗ ਨੂੰ ਆਬਾਦੀ ਵਾਲੇ ਇਲਾਕਿਆਂ ਵਿਚ ਵੜਨ ਤੋਂ ਰੋਕਣਾ ਅਤੇ ਖ਼ਤਰਾ ਵਧਣ ‘ਤੇ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣਾ ਹੈ। ਅਲਬਰਟਾ ਦੇ ਉੱਤਰ ਵਿਚ ਇਸ ਸਮੇਂ ਕਈ ਸ਼ਹਿਰਾਂ ਵਿਚ ਅੱਗ ਦੇ ਧੂੰਏਂ ਕਾਰਨ ਲੋਕ ਅਤੇ ਜਾਨਵਰਾਂ ਨੂੰ ਸਾਹ ਲੈਣਾ ਔਖਿਆ ਹੋਇਆ ਹੈ ਅਤੇ ਫੋਰਟ ਮੈਕਮਰੀ ਤੋਂ 6000 ਤੋਂ ਵੱਧ ਲੋਕਾਂ ਦੇ ਘਰ ਖਾਲੀ ਕਰਵਾਏ ਜਾ ਰਹੇ ਹਨ। 2016 ‘ਚ ਉਥੇ ਅੱਗ ਵਿਚ ਘਿਰ ਕੇ ਦਰਜਨ ਤੋਂ ਵੱਧ ਵਿਅਕਤੀਆਂ ਦੀਆਂ ਮੌਤਾਂ ਹੋ ਗਈਆਂ ਸਨ ਅਤੇ 2400 ਤੋਂ ਵੱਧ ਘਰ ਸੜ ਗਏ ਸਨ। ਮੈਨੀਟੋਬਾ ਦੇ ਉੱਤਰ ਪੱਛਮ ਵਿਚ ਵੀ ਭੜਕੀ ਹੋਈ ਜੰਗਲੀ ਅੱਗ ਕਾਰਨ ਹੰਗਾਮੀ ਹਾਲਾਤ ਚਿੰਤਾਜਨਕ ਹਨ। ਬ੍ਰਿਟਿਸ਼ ਕੋਲੰਬੀਆ ਵਿਚ ਵੈਨਕੂਵਰ ਤੋਂ 1600 ਕਿਲੋਮੀਟਰ ਦੂਰ ਫੋਰਟ ਨੈਲਸਨ ਸ਼ਹਿਰ ਵਿਖੇ 3400 ਦੇ ਕਰੀਬ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਨੂੰ ਕਿਹਾ ਗਿਆ ਹੈ। ਵਾਤਾਵਰਣ ਵਿਭਾਗ ਵੱਲੋਂ ਅਗਲੇ ਹਫ਼ਤਿਆਂ ਦੌਰਾਨ ਬ੍ਰਿਟਿਸ਼ ਕੋਲੰਬੀਆ, ਸਸਕੈਚਵਨ, ਮੈਨੀਟੋਬਾ, ਓਨਟਾਰੀਓ ਸਮੇਤ ਦੇਸ਼ ਭਰ ਵਿਚ ਜੰਗਲੀ ਅੱਗਾਂ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੰਗਲਾਂ ਵਿਚ ਅਸਮਾਨੀ ਬਿਜਲੀ ਪੈਣ, ਖੁਸ਼ਕ ਹਵਾ ਨਾਲ ਦਰੱਖਤਾਂ ਦੀਆਂ ਟਾਹਣੀਆਂ ਆਪਸ ਵਿਚ ਟਕਰਾਉਣ, ਬਿਜਲੀ ਦੀਆਂ ਤਾਰਾਂ ਤੋਂ ਚੰਗਿਆੜੇ ਪੈਣ, ਪਿਕਨਿਕ ਮੌਕੇ ਲੋਕਾਂ ਵਲੋਂ ਲਗਾਈ ਅੱਗ ਚੰਗੀ ਤਰ੍ਹਾਂ ਨਾਲ ਬੁਝਾਉਣ ਆਦਿਕ ਕਾਰਨਾਂ ਕਰਕੇ ਅੱਗ ਲੱਗਣ ਵੀ ਵੱਧ ਸੰਭਾਵਨਾ ਹੁੰਦੀ ਹੈ। ਮਿਲ ਰਹੀ ਜਾਣਕਾਰੀ ਅਨੁਸਾਰ 2024 ਵਿਚ ਕੈਨੇਡਾ ਭਰ ਵਿਚ ਜੰਗਲੀ ਅੱਗਾਂ ਦੇ ਹਾਲਾਤ ਬੀਤੇ 40 ਸਾਲਾਂ ਨਾਲੋਂ ਵੱਧ ਤੋਂ ਵੱਧ ਨੁਕਸਾਨ ਕਰਨ ਵਾਲੇ ਬਣ ਸਕਦੇ ਹਨ।