ਅੰਟਾਰਕਟੀਕਾ ਸਣੇ ਸੱਤ ਮਹਾਂਦੀਪਾਂ ‘ਚ ਮੈਰਾਥਨ ਦੌੜ ਪੂਰੀ ਕਰਨ ਵਾਲੇ ਉੱਤਰੀ ਅਮਰੀਕਾ ਦੇ ਪਹਿਲੇ ਸਿੱਖ ਬਣੇ
ਵਿੰਡਸਰ (ਕੈਨੇਡਾ), 27 ਜਨਵਰੀ (ਸਮੀਪ ਸਿੰਘ ਗੁਮਟਾਲਾ/ਪੰਜਾਬ ਮੇਲ)- ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਵਿੰਡਸਰ ਦੇ ਵਸਨੀਕ 50 ਸਾਲਾ ਜਸਦੀਪ ਸਿੰਘ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ। ਉਹ ਉੱਤਰੀ ਅਮਰੀਕਾ (ਕੈਨੇਡਾ ਅਤੇ ਅਮਰੀਕਾ) ਦੇ ਪਹਿਲੇ ਸਿੱਖ ਬਣ ਗਏ ਹਨ, ਜਿਨ੍ਹਾਂ ਨੇ ਸਾਰੇ ਸੱਤ ਮਹਾਦੀਪ ਵਿਚ ਮੈਰਾਥਨ ਦੌੜ ਪੂਰੀ ਕਰਨ ਦਾ ਰਿਕਾਰਡ ਬਣਾਇਆ ਹੈ। ਇਸ ਵਿਚ ਹਰ ਪਾਸੇ ਬਰਫ ਨਾਲ ਢਕੀ ਅਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ‘ਚ ਦੁਨੀਆਂ ਦੀ ਸਭ ਤੋਂ ਦੱਖਣੀ ਮੈਰਾਥਨ ”ਅੰਟਾਰਕਟਿਕਾ ਆਈਸ ਮੈਰਾਥਨ”ਵੀ ਸ਼ਾਮਲ ਹੈ।
ਦਸੰਬਰ 2024 ਵਿਚ ਬਰਫ ਨਾਲ ਢਕੀ ਧਰਤੀ ‘ਤੇ ”ਅੰਟਾਰਕਟਿਕਾ ਆਈਸ ਮੈਰਾਥਨ” ਪੂਰੀ ਕਰ ਜਸਦੀਪ ਸਿੰਘ ਦੁਨੀਆਂ ਭਰ ਦੇ ਤਕਰੀਬਨ 500 ਦੌੜਾਕਾਂ ਵਿਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਸਾਰੇ ਸੱਤ ਮਹਾਂਦੀਪ ਵਿਚ 42 ਕਿਲੋਮੀਟਰ ਮੈਰਾਥਨ ਦੀ ਮੁਸ਼ਕਲ ਚੁਣੌਤੀ ਨੂੰ ਪੂਰਾ ਕੀਤਾ ਹੈ। ਉਸਦੀ ਇਸ ਪ੍ਰਾਪਤੀ ਨੂੰ ਹਾਲ ਹੀ ਵਿਚ ਕੈਨੇਡਾ ਬਰਾਡਕਾਸਟਿੰਗ ਕੰਪਨੀ (ਸੀ.ਬੀ.ਸੀ.) ਦੁਆਰਾ ਵੀ ਪ੍ਰਕਾਸ਼ਤ ਕੀਤਾ ਗਿਆ ਹੈ।
ਭਾਰਤ ਦੇ ਸੂਬੇ ਪੰਜਾਬ ਦੇ ਜੰਮਪਲ, ਜਸਦੀਪ ਨੇ 40 ਸਾਲ ਦੀ ਉਮਰ ਵਿਚ ਦੱਖਣੀ ਓਨਟਾਰੀਓ ਦੇ ਛੋਟੇ ਜਿਹੇ ਸ਼ਹਿਰ ਵਿੰਡਸਰ ਵਿਚ ਲੰਮੀ ਦੌੜ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਦ ਉਨ੍ਹਾਂ ਨੇ ਵਿਸ਼ਵ ਭਰ ਦੇ ਸੱਤ ਮਹਾਂਦੀਪ ਦੀਆਂ ਕਈ ਮੈਰਾਥਨ ਦੌੜਾਂ ਪੂਰੀਆਂ ਕੀਤੀਆਂ। ਉਨ੍ਹਾਂ ਉੱਤਰੀ ਅਮਰੀਕਾ ਮਹਾਂਦੀਪ ‘ਚ 2018 ਦੀ ਡੇਟ੍ਰਾਇਟ ਮੈਰਾਥਨ ਅਤੇ 2019 ਦੀ ਨਿਊਯਾਰਕ ਮੈਰਾਥਨ ਨੂੰ ਪੂਰਾ ਕੀਤਾ। ਉਪਰੰਤ ਯੂਰਪ ਮਹਾਂਦੀਪ ਵਿਚ ਉਨ੍ਹਾਂ ਨੇ 2021 ਦੀ ਬਰਲਿਨ ਮੈਰਾਥਨ ਅਤੇ 2022 ਦੀ ਲੰਡਨ ਮੈਰਾਥਨ ਪੂਰੇ ਕੀਤੇ। ਸਾਲ 2023 ਵਿਚ, ਉਨ੍ਹਾਂ ਨੇ ਦੱਖਣੀ ਅਮਰੀਕਾ ਵਿਚ ਬ੍ਰਾਜ਼ੀਲ ਵਿਖੇ ਰੀਓ ਮੈਰਾਥਨ ਅਤੇ ਅਫਰੀਕਾ ਮਹਾਂਦੀਪ ਵਿਚ ਕੇਪ ਟਾਊਨ ਮੈਰਾਥਨ ਪੂਰੀ ਕੀਤੀ। ਏਸ਼ੀਆ ਵਿਚ 2024 ‘ਚ ਟੋਕੀਓ ਮੈਰਾਥਨ, ਆਸਟ੍ਰੇਲੀਆ ਵਿਚ ਸਿਡਨੀ ਮੈਰਾਥਨ ਅਤੇ ਅੰਤ ‘ਚ ਦਸੰਬਰ 2024 ਵਿਚ ਅੰਟਾਰਕਟਿਕਾ ਦੇ ਯੂਨੀਅਨ ਗਲੇਸ਼ੀਅਰ ਵਿਚ ”ਅੰਟਾਰਕਟਿਕਾ ਆਈਸ ਮੈਰਾਥਨ” ਨੂੰ ਪੂਰਾ ਕਰ ਸੱਤ ਮਹਾਂਦੀਪ ਵਿਚ ਮੈਰਾਥਨ ਪੂਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ।
ਜਸਦੀਪ ਦੀ ਸੱਤ ਮਹਾਂਦੀਪ ਦੀ ਇਹ ਯਾਤਰਾ ਅੰਟਾਰਕਟਿਕਾ ਦੀ ਮੈਰਾਥਨ ਨਾਲ ਖਤਮ ਹੋਈ। ਅੰਟਾਰਕਟੀਕਾ ਦੀ ਇਸ ਮੈਰਾਥਨ ਨੂੰ ਪੂਰਾ ਕਰਨ ‘ਚ ਉਨ੍ਹਾਂ ਨੂੰ ਛੇ ਘੰਟੇ ਦਾ ਸਮਾਂ ਲੱਗਾ। ਹਵਾਈ ਅੱਡਾ ਨਾ ਹੋਣ ਕਰਕੇ, ਜਸਦੀਪ ਸਣੇ 64 ਹੋਰ ਦੌੜਾਕਾਂ ਨੇ ਖਾਸ ਤੌਰ ‘ਤੇ ਤਿਆਰ ਕੀਤੇ ਬੋਇੰਗ 757 ਜਹਾਜ਼ ਰਾਹੀਂ ਬਰਫ ‘ਤੇ ਲੈਂਡ ਕੀਤਾ, ਜਿਸ ਨੂੰ ਪਾਇਲਟ ਦੇ ਹੁਨਰ ਦਾ ਪ੍ਰਮਾਣ ਕਿਹਾ ਜਾ ਸਕਦਾ ਹੈ।
ਅੰਟਾਰਕਟਿਕਾ ਦੇ ਮਨਫੀ ਤਾਪਮਾਨ, ਅਲਟਰਾ ਵਾਇਲੇਟ (ਯੂ.ਵੀ.) ਰੇਡੀਏਸ਼ਨ ਅਤੇ ਬਰਫੀਲੀਆਂ ਹਵਾਵਾਂ ਵਿਚ ਦੌੜਦਿਆਂ ਜਸਦੀਪ ਦੀ ਧੀਰਜ ਅਤੇ ਮਾਨਸਿਕ ਦ੍ਰਿੜ੍ਹਤਾ ਦੀ ਪਰਖ ਹੋਈ। ਉਨ੍ਹਾਂ ਕਿਹਾ ”ਅੰਟਾਰਕਟਿਕਾ ਸਭ ਤੋਂ ਚੁਣੌਤੀ ਵਾਲੀ ਮੈਰਾਥਨ ਦੌੜ ਸੀ। ਇਸ ਨੂੰ ਪੂਰਾ ਕਰਨ ਨਾਲ ਇਹ ਸਾਬਤ ਹੋਇਆ ਕਿ ਜਦੋਂ ਅਸੀਂ ਆਪਣਾ ਪੱਕਾ ਮਨ ਬਣਾ ਲਈਏ, ਤਾਂ ਅਸੀਂ ਕੁਝ ਵੀ ਕਰਨ ਦੇ ਸਮਰੱਥ ਹਾਂ।”
ਸਫਲਤਾ ਲਈ ਕੋਚ ਦੀ ਸਿਖਲਾਈ ਅਤੇ ਪਰਿਵਾਰ ਦਾ ਸਮਰਥਨ
ਜਸਦੀਪ ਨੇ ਸਿਖਲਾਈ ਵਿੰਡਸਰ ਤੋਂ ਹੀ ਟ੍ਰੇਨਰ ਡੇਵਿਡ ਸਟੀਵਰਟ ਤੋਂ ਲਈ, ਨਾਲ ਹੀ ਉਸਨੇ ਸਥਾਨਕ ਕੈਨੇਡੀਅਨ ਹੀਰੋ ਟੈਰੀ ਫੌਕਸ ਅਤੇ ਫੌਜੀ ਸੇਡਰਿਕ ਕਿੰਗ ਤੋਂ ਵੀ ਪ੍ਰੇਰਨਾ ਲਈ, ਜਿਨ੍ਹਾਂ ਨੇ ਅਫਗਾਨਿਸਤਾਨ ਵਿਚ ਸੇਵਾ ਕਰਦੇ ਹੋਏ ਆਪਣੀਆਂ ਦੋਵੇਂ ਲੱਤਾਂ ਗੁਆ ਦਿੱਤੀਆਂ ਸਨ ਅਤੇ ਹੁਣ ਉਹ ਪ੍ਰੋਸਥੈਟਿਕ (ਨਕਲੀ) ਲੱਤਾਂ ‘ਤੇ ਦੌੜਦੇ ਹਨ।
ਜਸਦੀਪ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ – ਆਪਣੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੇ ਅਟੁੱਟ ਸਮਰਥਨ ਨੂੰ ਵੀ ਦਿੱਤਾ। ਉਨ੍ਹਾਂ ਕਿਹਾ, ”ਪਰਿਵਾਰ ਦੇ ਉਤਸ਼ਾਹ ਨੇ ਮੈਨੂੰ ਸਾਰੇ ਮਹਾਂਦੀਪ ਵਿਚ ਮੈਰਾਥਨ ਦੌੜਨ ਦੀ ਚੁਣੌਤੀ ਨੂੰ ਪੂਰਾ ਕਰਨ ਵਿਚ ਮਦਦ ਕੀਤੀ। ਮੇਰੀ ਪਤਨੀ ਦੇ ਸਹਿਯੋਗ ਤੋਂ ਬਿਨਾਂ ਇਹ ਪ੍ਰਾਪਤੀ ਸੰਭਵ ਨਹੀਂ ਸੀ। ਮੇਰੇ ਬੱਚਿਆਂ ਨੂੰ ਫਿਨਿਸ਼ ਲਾਈਨ ‘ਤੇ ਖੁਸ਼ੀ ਵਿਚ ਜਸ਼ਨ ਮਨਾਉਂਦੇ ਦੇਖਣਾ ਮੇਰੇ ਲਈ ਸਭ ਤੋਂ ਯਾਦਗਾਰ ਪਲਾਂ ਵਿਚੋ ਇੱਕ ਸੀ।”
ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਇੱਕ ਪ੍ਰੇਰਨਾ
ਸੱਤ ਮਹਾਂਦੀਪਾਂ ਵਿਚ ਦਸਤਾਰ ਸਜਾ ਕੇ ਮੈਰਾਥਨ ਦੌੜਦਿਆਂ ਜਸਦੀਪ ਨੇ ਇਹ ਸਾਬਤ ਕੀਤਾ ਕਿ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਸਾਡੇ ਲਈ ਕਦੇ ਵੀ ਰੁਕਾਵਟ ਨਹੀਂ ਹੈ। ਉਨ੍ਹਾਂ ਕਿਹਾ ”ਮੈਨੂੰ ਉਮੀਦ ਹੈ ਕਿ ਮੇਰਾ ਸਫ਼ਰ ਸਿੱਖ ਭਾਈਚਾਰੇ ਅਤੇ ਹੋਰਨਾਂ ਨੂੰ ਨਿਡਰਤਾ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰੇਗਾ। ਸਾਡੀ ਸਿੱਖ ਪਛਾਣ ਕੋਈ ਰੁਕਾਵਟ ਨਹੀਂ ਹੈ – ਇਹ ਇੱਕ ਤਾਕਤ ਹੈ, ਮਜ਼ਬੂਤ ਬਣੋ। ਜੇ ਮੈਂ ਇਹ ਕਰ ਸਕਦਾ ਹਾਂ, ਤਾਂ ਕੋਈ ਵੀ ਕਰ ਸਕਦਾ ਹੈ।”
ਉਨ੍ਹਾਂ ਦਾ ਮੈਰਾਥਨ ਦੌੜਾਂ ਦਾ ਸਫਰ ਕਈ ਸਾਲ ਪਹਿਲਾਂ ”ਯੂਨਾਈਟਿਡ ਸਿੱਖਸ ਆਫ਼ ਵਿੰਡਸਰ” ਸੰਸਥਾ ਨਾਲ ਸਮਾਜ ਸੇਵਾ ਦੇ ਕਾਰਜ ਲਈ 5 ਕਿਲੋਮੀਟਰ ਦੌੜ ਨਾਲ ਹੋਇਆ। ਬੀਤੇ ਸਾਲ ਜਸਦੀਪ ਅਤੇ ਉਸਦੀ ਟੀਮ ਨੇ ਕੈਂਸਰ ਤੋਂ ਪ੍ਰਭਾਵਿਤ ਪਰਿਵਾਰਾਂ ਅਤੇ ਬੱਚਿਆਂ ਦੀ ਮਦਦ ਲਈ $15,000 ਤੋਂ ਵੱਧ ਫੰਡ ਇਕੱਠੇ ਕੀਤੇ ਹਨ। ਉਹ ”ਸਰਬੱਤ ਦਾ ਭੱਲਾ” ਦੇ ਸਿੱਖ ਸਿਧਾਂਤ ‘ਤੇ ਚੱਲਦੇ ਹੋਏ ਟੈਰੀ ਫੌਕਸ ਫਾਊਂਡੇਸ਼ਨ, ਸੇਂਟ ਜੂਡਜ਼ ਚਿਲਡਰਨ ਹਸਪਤਾਲ ਅਤੇ ਕੇਅਰ ਇੰਟਰਨੈਸ਼ਨਲ ਵਰਗੇ ਚੈਰਿਟੀ ਪ੍ਰੋਗਰਾਮਾਂ ਨਾਲ ਵੀ ਜੁੜਿਆ ਹੈ।
ਕੈਨੇਡਾ ਦੇ ਜਸਦੀਪ ਸਿੰਘ ਨੇ ਵਧਾਇਆ ਸਿੱਖਾਂ ਦਾ ਮਾਣ
